ਨਵੀ ਦਿੱਲੀ, 31 ਅਕਤੂਬਰ (ਵਿਸ਼ਵ ਵਾਰਤਾ): ਬਿਹਾਰ ਵਿਧਾਨ ਸਭਾ ਉਪ ਚੋਣ ਲਈ ਜਨ ਸੁਰਾਜ ਪਾਰਟੀ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਹੈ। ਪ੍ਰਸ਼ਾਂਤ ਕਿਸ਼ੋਰ (Prashant Kishor Party) ਦੀ ਜਨ ਸੁਰਾਜ ਪਾਰਟੀ (Jan Suraaj Party) ਦਾ ਚੋਣ ਨਿਸ਼ਾਨ ‘ਸਕੂਲ ਬੈਗ’ ਹੋਵੇਗਾ। ਚੋਣ ਕਮਿਸ਼ਨ ਨੇ ਬਿਹਾਰ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਉਪ ਚੋਣਾਂ ਤੋਂ ਪਹਿਲਾਂ ਪੀਕੇ ਦੀ ਪਾਰਟੀ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਹੈ।
ਦੱਸ ਦਈਏ ਕਿ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ‘ਤੇ ਪੀਕੇ ਨੇ ਆਪਣੀ ਨਵੀਂ ਪਾਰਟੀ ਦਾ ਗਠਨ ਕੀਤਾ ਸੀ। ਪੀਕੇ ਨੇ ਬੱਚਿਆਂ ਦੀ ਪੜ੍ਹਾਈ ਅਤੇ ਨੌਕਰੀ ਨੂੰ ਆਪਣੀ ਪਾਰਟੀ ਦਾ ਏਜੰਡਾ ਦੱਸਿਆ। ਇਸ ਦੇ ਮੱਦੇਨਜ਼ਰ ਜਨ ਸੁਰਾਜ ਵੱਲੋਂ ਸਕੂਲ ਬੈਗ ਚੋਣ ਨਿਸ਼ਾਨ ਲਈ ਅਰਜ਼ੀ ਦਿੱਤੀ ਗਈ ਸੀ।
ਪਾਰਟੀ ਦੇ ਗਠਨ ਨਾਲ ਪ੍ਰਸ਼ਾਂਤ ਕਿਸ਼ੋਰ ਨੇ ਸਾਰੀਆਂ ਚਾਰ ਸੀਟਾਂ ‘ਤੇ ਉਪ ਚੋਣ ਲੜਨ ਦਾ ਐਲਾਨ ਕੀਤਾ ਸੀ।
ਜਨ ਸੁਰਾਜ ਦੇ ਸਾਰੇ ਚਾਰ ਉਮੀਦਵਾਰ ਇਸੇ ਚੋਣ ਨਿਸ਼ਾਨ ‘ਤੇ ਤਰਾਰੀ, ਰਾਮਗੜ੍ਹ, ਬੇਲਾਗੰਜ ਅਤੇ ਇਮਾਮਗੰਜ ਸੀਟਾਂ ‘ਤੇ ਉਪ ਚੋਣਾਂ ਲੜਨਗੇ। ਪਾਰਟੀ ਨੇ ਤਰਾਰੀ ਸੀਟ ਤੋਂ ਕਿਰਨ ਸਿੰਘ, ਕੈਮੂਰ ਜ਼ਿਲ੍ਹੇ ਦੀ ਰਾਮਗੜ੍ਹ ਸੀਟ ਤੋਂ ਸੁਸ਼ੀਲ ਸਿੰਘ ਕੁਸ਼ਵਾਹਾ, ਗਯਾ ਜ਼ਿਲ੍ਹੇ ਦੇ ਬੇਲਾਗੰਜ ਤੋਂ ਮੁਹੰਮਦ ਅਮਜਦ ਅਤੇ ਇਮਾਮਗੰਜ ਤੋਂ ਜਤਿੰਦਰ ਪਾਸਵਾਨ ਨੂੰ ਉਮੀਦਵਾਰ ਬਣਾਇਆ ਹੈ। ਬਿਹਾਰ ਵਿੱਚ 13 ਨਵੰਬਰ ਨੂੰ ਚੋਣਾਂ ਹੋਣੀਆਂ ਹਨ ਜਦਕਿ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।