Politics News : ਸੁਖਬੀਰ ਬਾਦਲ ਦੇਣਗੇ ਅਸਤੀਫਾ ਜਾਂ ਪ੍ਰਧਾਨਗੀ ਦੇ ਅਹੁਦੇ ਤੇ ਰਹਿੰਦਿਆਂ ਭੁਗਤਣਗੇ ਧਾਰਮਿਕ ਸਜ਼ਾ
ਜਾਣੋ ਸੁਰਜੀਤ ਸਿੰਘ ਬਰਨਾਲਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਜਾ ਭੁਗਤਣ ਵੇਲੇ ਦਿੱਤਾ ਸੀ ਅਸਤੀਫਾ ਜਾਂ ਨਹੀਂ
ਚੰਡੀਗੜ੍ਹ, 31 ਅਗਸਤ (ਵਿਸ਼ਵ ਵਾਰਤਾ) Politics News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੇ ਮੁੱਦੇ ਤੇ ਲਗਾਤਾਰ ਚਰਚਾ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਜਾਂ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਬੀਤੇ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਇਹ ਮੰਗ ਹੋਰ ਵੀ ਤੇਜ਼ ਹੋ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਹੁਕਮਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਨੂੰ ਇੱਕ ਨਿਮਾਣੇ ਸਿੱਖ ਵਜੋਂ 15 ਦਿਨਾਂ ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਕੁਝ ਮੀਡੀਆ ਅਤੇ ਸਿਆਸੀ ਹਸਤੀਆਂ ਵੱਲੋਂ ਨਿਮਾਣੇ ਸਿੱਖ ਹੋਣ ਦੇ ਅਰਥ ਅਹੁਦੇ ਤੋਂ ਅਸਤੀਫਾ ਦੇਣ ਵਜੋਂ ਕੱਢੇ ਜਾ ਰਹੇ ਹਨ, ਜਦ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਾਂ ਦੇ ਵਿੱਚ ਸਪਸ਼ਟ ਤੌਰ ਤੇ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਅਤੇ ਫਿਰ ਪੇਸ਼ ਹੋਣ। ਸੁਖਬੀਰ ਸਿੰਘ ਬਾਦਲ ਦੇ ਪੱਖ ਵਿੱਚ ਇਹ ਤਰਕ ਵੀ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਨੇ ਪਹਿਲਾਂ ਹੀ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਥਾਪ ਕੇ ਆਪਣੀ ਜਿੰਮੇਵਾਰੀ ਨਿਭਾ ਦਿੱਤੀ ਹੈ। ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਹੁਕਮ ਲਗਾਇਆ ਜਾਵੇਗਾ ਉਹ ਉਸ ਦੀ ਪਾਲਣਾ ਕਰਨਗੇ। ਫੈਸਲਾ ਸੁਣਾਏ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਇਸਨੂੰ ਬਿਨਾ ਕਿਸੇ ਵਿਰੋਧ ਦੇ ਸਵੀਕਾਰ ਕੀਤਾ ਹੈ।
ਜਾਣੋ ਸੁਰਜੀਤ ਸਿੰਘ ਬਰਨਾਲਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਜਾ ਭੁਗਤਣ ਵੇਲੇ ਦਿੱਤਾ ਸੀ ਅਸਤੀਫਾ ਜਾਂ ਨਹੀਂ
ਸਿਰਫ ਸੁਖਬੀਰ ਸਿੰਘ ਬਾਦਲ ਹੀ ਨਹੀਂ ਇਸ ਤੋਂ ਪਹਿਲਾਂ ਵੀ ਕਈ ਨਾਮਵਰ ਹਸਤੀਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹ ਲਗਾਈ ਗਈ ਹੈ। ਵੱਡੇ ਅਹੁਦਿਆਂ ਤੇ ਆਸੀਨ ਹਸਤੀਆਂ ਦੀ ਗੱਲ ਕਰੀਏ ਤਾਂ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਮੁੱਖ ਮੰਤਰੀ ਰਹਿੰਦਿਆਂ ਸ੍ਰੀ ਅਕਾਲ ਤਖਤ ਵੱਲੋਂ ਤਨਖਾਹ ਲਗਾਈ ਗਈ ਸੀ ਅਤੇ ਧਾਰਮਿਕ ਸਜ਼ਾ ਵੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਧਾਰਮਿਕ ਸਜ਼ਾ ਦਿੱਤੀ ਗਈ ਸੀ ਧਾਰਮਿਕ ਸਜ਼ਾ ਭੁਗਤਣ ਵੇਲੇ ਸੁਰਜੀਤ ਸਿੰਘ ਬਰਨਾਲਾ ਆਪਣੇ ਅਹੁਦੇ ਤੇ ਕਾਇਮ ਰਹੇ ਸਨ ਅਤੇ ਉਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਗਈ ਸਜ਼ਾ ਵੀ ਭੁਗਤੀ ਸੀ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੇ ਅਹੁਦੇ ਤੇ ਰਹਿੰਦਿਆਂ ਹੀ ਸਜ਼ਾ ਭੁਗਤੀ ਸੀ।
ਕੀ ਪੇਸ਼ ਹੋਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਦੇਣਾ ਜਰੂਰੀ ਜਾਂ ਨਹੀਂ
ਇਤਿਹਾਸਿਕ ਪੱਖ ਦੀ ਗੱਲ ਕਰੀਏ ਤਾਂ ਇਹ ਬਿਲਕੁਲ ਜਰੂਰੀ ਨਹੀਂ ਹੈ ਕਿ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਤੋਂ ਪਹਿਲਾਂ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ, ਕਿਉਂਕਿ ਜੇਕਰ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੇ ਰਹਿੰਦਿਆਂ ਪੇਸ਼ ਹੋ ਕੇ ਧਾਰਮਿਕ ਸਜ਼ਾ ਭੁਗਤ ਸਕਦੇ ਹਨ ਤਾਂ ਸੁਖਬੀਰ ਸਿੰਘ ਬਾਦਲ ਤਾਂ ਸਿਰਫ ਇੱਕ ਸਿਆਸੀ ਪਾਰਟੀ ਦੇ ਪ੍ਰਧਾਨ ਹਨ। ਇਹ ਗੱਲ ਇਤਿਹਾਸ ਵਿੱਚ ਵੀ ਦਰਜ ਹੈ ਕਿ ਜਦੋਂ ਸੁਰਜੀਤ ਸਿੰਘ ਬਰਨਾਲਾ ਨੂੰ ਸਜ਼ਾ ਦਿੱਤੀ ਗਈ ਸੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਆਪਣੇ ਦਫਤਰੀ ਕੰਮਾਂ ਨੂੰ ਵੀ ਕਰਦੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਜਾਣ ਦਾ ਮਤਲਬ ਕਿਸੇ ਵਿਅਕਤੀ ਦੇ ਸਮਾਜਿਕ ਜਾਂ ਸਿਆਸੀ ਰੁਤਬੇ ਨੂੰ ਠੇਸ ਪਹੁੰਚਾਉਣਾ ਨਹੀਂ ਹੁੰਦਾ। ਬਲਕਿ ਉਸ ਦੀਆਂ ਗਲਤੀਆਂ ਦਾ ਅਹਿਸਾਸ ਕਰਾਉਣਾ ਅਤੇ ਉਸ ਨੂੰ ਭਵਿੱਖ ਵਿੱਚ ਅਜਿਹਾ ਨਾ ਕਰਨ ਦੀ ਚੇਤਾਵਨੀ ਦੇਣਾ ਹੁੰਦਾ ਹੈ। ਵਿਰੋਧੀ ਸਿਆਸੀ ਆਗੂਆਂ ਦਾ ਇਹ ਤਰਕ ਬਿਲਕੁਲ ਬੇਬੁਨਿਆਦ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣ ਇਸ ਲਈ ਉਹਨਾਂ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਹੋਵੇਗਾ। ਜੇਕਰ ਪੰਜ ਸਿੰਘ ਸਾਹਿਬਾਨਾਂ ਦਾ ਇਹ ਮੰਤਵ ਹੁੰਦਾ ਤਾਂ ਹੁਕਮ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਇਹ ਆਖ ਦਿੰਦੇ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦੇ ਅਹੁਦੇ ਅਤੇ ਹੋਰ ਅਹੁਦਿਆਂ ਤੋਂ ਅਸਤੀਫਾ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ,ਜਦ ਕਿ ਜਾਰੀ ਕੀਤੇ ਗਏ ਹੁਕਮ ਦੇ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇਣ। ਨਿਮਾਣੇ ਸਿੱਖ ਹੋਣ ਦਾ ਮਤਲਬ ਹੈ ਕਿ, ਆਪਣੀ ਹਉਮੈ,ਸਮਾਜਿਕ ਰੁਤਬਾ ਅਤੇ ਸਿਆਸੀ ਤਾਕਤ ਦਾ ਹੰਕਾਰ ਛੱਡ ਕੇ ਇੱਕ ਆਮ ਸਿੱਖ ਦੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ। ਇਸ ਲਈ ਇਹ ਬਿਲਕੁਲ ਵੀ ਜ਼ਰੂਰੀ ਨਹੀਂ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ। ਉਹ ਆਪਣੇ ਅਹੁਦੇ ਤੇ ਰਹਿੰਦਿਆਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਨਿਮਾਣੇ ਸਿੱਖ ਵਜੋਂ ਪੇਸ਼ ਹੋ ਕੇ ਹੁਕਮਾਂ ਦੀ ਪਾਲਣਾ ਕਰ ਸਕਦੇ ਹਨ।