Politics News : ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਗੁਰਚਰਨ ਸਿੰਘ ਪਰਮਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ
ਜਲੰਧਰ, 7ਜੁਲਾਈ (ਵਿਸ਼ਵ ਵਾਰਤਾ)Politics News : ਜਲੰਧਰ ਪੱਛਮੀ ਜਿਮਨੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਭਗਵੰਤ ਮਾਨ ਦੀ ਅਗਵਾਈ ‘ਚ ਸਿਆਸੀ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਰਹੇ ਹਨ। ਇਸੇ ਤਰਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਚਰਨ ਸਿੰਘ ਪਰਮਾਰ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਹਨ। ਗੁਰਚਰਨ ਸਿੰਘ ਪਰਮਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਵੱਲੋਂ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਕਰਵਾਇਆ ਗਿਆ। ਡਾ: ਗੁਰਪ੍ਰੀਤ ਕੌਰ ਨੇ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚ ਕੇ ਪਰਮਾਰ ਦੀ ਪਤਨੀ ਰਮਨਜੀਤ ਕੌਰ ਅਤੇ ਪੁੱਤਰ ਗੁਰਕਰਨ ਸਿੰਘ ਸਮੇਤ ਪਰਮਾਰ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਡਾ: ਗੁਰਪ੍ਰੀਤ ਕੌਰ ਨੇ ਸਮੁੱਚੇ ਪਰਿਵਾਰ ਦਾ ‘ਆਮ ਆਦਮੀ ਪਾਰਟੀ’ ‘ਚ ਸਵਾਗਤ ਕਰਦਿਆਂ ਕਿਹਾ ਕਿ, ਇਸ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਅਤੇ ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਪਾਰਟੀ ਹੋਰ ਮਜ਼ਬੂਤ ਹੋਵੇਗੀ | ਗੁਰਚਰਨ ਸਿੰਘ ਪਰਮਾਰ ਨੇ 2002 ਵਿੱਚ ਆਦਮਪੁਰ ਤੋਂ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜੀ ਸੀ। ਉਹ ਪਿਛਲੇ 35 ਸਾਲਾਂ ਤੋਂ ਅਕਾਲੀ ਦਲ ਵਿੱਚ ਸਨ। ਉਹ 1984 ਵਿੱਚ ਧਰਮ ਯੁੱਧ ਮੋਰਚੇ ਦੌਰਾਨ ਵੀ ਗਏ ਸਨ । ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਵੀ ਜੁੜੇ ਰਹੇ ਹਨ। ਪਰਮਾਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ।