Politics News : ਹਰਿਆਣਾ ਚੋਣਾਂ ਨੂੰ ਲੈ ਕੇ ਦਿੱਲੀ ਤੋਂ ਵਿਸਾਤ ਬਿਛਾ ਰਹੇ ਮਨੋਹਰ ਲਾਲ ; ਨਿੱਤ ਆਗੂਆਂ ਨਾਲ ਕਰ ਰਹੇ ਮੁਲਾਕਾਤ
ਚੰਡੀਗੜ੍ਹ, 23ਅਗਸਤ(ਵਿਸ਼ਵ ਵਾਰਤਾ) Politics News -ਕੇਂਦਰੀ ਊਰਜਾ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਜੋ ਸਾਢੇ ਨੌਂ ਸਾਲ ਹਰਿਆਣਾ ਦੇ ਮੁੱਖ ਮੰਤਰੀ ਰਹੇ ਹਨ, ਦਿੱਲੀ ਤੋਂ ਭਾਜਪਾ ਦੀਆਂ ਚੋਣ ਸਰਗਰਮੀਆਂ ਨੂੰ ਅੱਗੇ ਵਧਾ ਰਹੇ ਹਨ। ਮਨੋਹਰ ਲਾਲ ਦਿੱਲੀ ਸਥਿਤ ਆਪਣੀ ਰਿਹਾਇਸ਼ ‘ਤੇ ਹਰ ਰੋਜ਼ ਨਾ ਸਿਰਫ ਹਰਿਆਣਾ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਮਿਲ ਰਹੇ ਹਨ, ਸਗੋਂ ਸੂਬੇ ‘ਚ ਭਾਜਪਾ ਦੇ ਸਿਆਸੀ ਪ੍ਰੋਗਰਾਮਾਂ ‘ਚ ਵੀ ਸ਼ਾਮਲ ਹੋ ਰਹੇ ਹਨ।
ਮਨੋਹਰ ਲਾਲ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ। ਮਨੋਹਰ ਲਾਲ ਦੇ ਯਤਨਾਂ ਦਾ ਹੀ ਨਤੀਜਾ ਹੈ ਕਿ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਾਬਕਾ ਮੰਤਰੀ ਕਿਰਨ ਚੌਧਰੀ ਭਾਜਪਾ ਉਮੀਦਵਾਰ ਵਜੋਂ ਰਾਜ ਸਭਾ ‘ਚ ਪਹੁੰਚਣ ‘ਚ ਕਾਮਯਾਬ ਹੋਏ ਹਨ |
ਕਿਰਨ ਚੌਧਰੀ ਦੇ ਰਾਜ ਸਭਾ ਮੈਂਬਰ ਵਜੋਂ ਨੋਟੀਫਿਕੇਸ਼ਨ ਜਾਰੀ ਹੋਣਾ ਬਾਕੀ ਹੈ। ਵਿਰੋਧੀ ਧਿਰ ਵੱਲੋਂ ਉਨ੍ਹਾਂ ਵਿਰੁੱਧ ਕੋਈ ਉਮੀਦਵਾਰ ਨਾ ਖੜ੍ਹੇ ਕਰਨ ਕਾਰਨ ਕਿਰਨ ਚੌਧਰੀ ਦੀ ਰਾਜ ਸਭਾ ਲਈ ਚੋਣ ਬਿਨਾਂ ਮੁਕਾਬਲਾ ਹੋ ਗਈ ਹੈ, ਜਿਸ ਦਾ ਰਸਮੀ ਐਲਾਨ 27 ਅਗਸਤ ਨੂੰ ਕੀਤਾ ਜਾਵੇਗਾ।
ਕਾਂਗਰਸ ‘ਚ ਰਹਿੰਦਿਆਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖਿਲਾਫ ਅਕਸਰ ਮੋਰਚਾ ਖੋਲ੍ਹਣ ਵਾਲੀ ਕਿਰਨ ਚੌਧਰੀ ਨੇ ਵੀਰਵਾਰ ਨੂੰ ਨਵੀਂ ਦਿੱਲੀ ‘ਚ ਕੇਂਦਰੀ ਮੰਤਰੀ ਮਨੋਹਰ ਲਾਲ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੌਰਾਨ ਕਿਰਨ ਚੌਧਰੀ ਦੀ ਸਾਬਕਾ ਸੰਸਦ ਮੈਂਬਰ ਬੇਟੀ ਸ਼ਰੂਤੀ ਚੌਧਰੀ ਅਤੇ ਸੀਐੱਮ ਦੇ ਪ੍ਰਚਾਰ ਸਲਾਹਕਾਰ ਤਰੁਣ ਭੰਡਾਰੀ ਵੀ ਮੌਜੂਦ ਸਨ।
ਹਰਿਆਣਾ ਦੇ ਮੁੱਖ ਮੰਤਰੀ ਹੁੰਦਿਆਂ ਮਨੋਹਰ ਲਾਲ ਨੇ ਤਾਊ ਦੇਵੀ ਲਾਲ, ਚੌਧਰੀ ਬੰਸੀਲਾਲ ਅਤੇ ਸ. ਭਜਨ ਲਾਲ ਦੇ ਸਿਆਸੀ ਵਾਰਸਾਂ ਨੂੰ ਭਾਜਪਾ ਵਿੱਚ ਜੋੜਨ ਦਾ ਕੰਮ ਕੀਤਾ।