Politics News : ਬਾਗੀਆਂ ‘ਤੇ ਹੋਈ ਕਾਰਵਾਈ ਰੋਕਣ ਦਾ ਢੀਂਡਸਾ ਕੋਲ਼ ਕੋਈ ਅਧਿਕਾਰ ਨਹੀਂ : ਸ਼੍ਰੋਮਣੀ ਅਕਾਲੀ ਦਲ
ਚੰਡੀਗੜ੍ਹ, 1ਅਗਸਤ(ਵਿਸ਼ਵ ਵਾਰਤਾ)Politics News – ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਡਸਾ ਵੱਲੋਂ ਪਾਰਟੀ ਚੋਂ ਬਾਹਰ ਕੀਤੇ ਅੱਠ ਆਗੂਆਂ ‘ਤੇ ਹੋਈ ਕਾਰਵਾਈ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਸ ਮੁੱਦੇ ਤੇ ਆਪਣਾ ਬਿਆਨ ਜਾਰੀ ਕੀਤਾ ਗਿਆ ਹੈ। ਪਾਰਟੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸੁਖਦੇਵ ਸਿੰਘ ਢੀਡਸਾ ਨੂੰ ਬਾਗੀ ਆਗੂਆਂ ਖਿਲਾਫ ਕੀਤੀ ਗਈ ਕਾਰਵਾਈ ਨੂੰ ਰੱਦ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀਕ ਕਮੇਟੀ ਵੱਲੋਂ ਬੀਤੇ ਦਿਨ ਪਾਰਟੀ ਵਿਰੋਧੀ ਕਾਰਵਾਈਆਂ ਦੇ ਲਈ ਪਾਰਟੀ ਦੇ ਅੱਠ ਸੀਨੀਅਰ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਜਿਸ ਤੇ ਸੁਖਦੇਵ ਸਿੰਘ ਢੀਡਸਾ ਨੇ ਅੱਜ ਪਾਰਟੀ ਦਾ ਨਵਾਂ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਪਾਰਟੀ ਦੇ ਇਹਨਾਂ ਅੱਠ ਆਗੂਆਂ ਤੇ ਕੀਤੀ ਗਈ ਅਨੁਸ਼ਾਸਨਿਕ ਕਾਰਵਾਈ ਨੂੰ ਰੱਦ ਕਰ ਦਿੱਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਪਾਰਟੀ ਸਰਪ੍ਰਸਤ ਕੋਲ ਪਾਰਟੀ ਦੇ ਫੈਸਲੇ ਨੂੰ ਰੱਦ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪਾਰਟੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਤੋਂ ਵਰਜਣ ਦੀ ਜਗ੍ਹਾ ਢੀਡਸਾ ਨੇ ਪਾਰਟੀ ਚੋਂ ਕੱਢੇ ਗਏ ਬਾਗੀ ਆਗੂਆਂ ਦੀ ਅਗਵਾਈ ਕਰਨ ਨੂੰ ਤਰਜੀਹ ਦਿੱਤੀ ਹੈ। ਪਾਰਟੀ ਦੇ ਸੰਵਿਧਾਨਿਕ ਫੈਸਲਿਆਂ ਨੂੰ ਪਲਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਹਨਾਂ ਆਗੂਆਂ ਦੇ ਖਿਲਾਫ ਕਾਰਵਾਈ ਇਸ ਕਰਕੇ ਕੀਤੀ ਗਈ ਸੀ ਕਿਉਂਕਿ ਪਾਰਟੀ ਦੇ ਸਾਰੇ ਆਗੂਆਂ ਨੂੰ ਕਿਹਾ ਗਿਆ ਸੀ ਕਿ ਪਾਰਟੀ ਦੇ ਅੰਦਰ ਦੇ ਕਿਸੇ ਵੀ ਤਰੀਕੇ ਦੇ ਮੱਤਭੇਦ ਨੂੰ ਪਾਰਟੀ ਫੋਰਮ ਦੇ ਵਿੱਚ ਹੀ ਵਿਚਾਰਿਆ ਜਾਵੇਗਾ। ਜਦ ਕਿ ਇਹਨਾਂ ਆਗੂਆਂ ਨੇ ਪਾਰਟੀ ਦੇ ਸਮਾਨਾਂਤਰ ਹੀ ਇੱਕ ਹੋਰ ਸੰਗਠਨ ਖੜਾ ਕਰ ਦਿੱਤਾ ਜਿਸ ਤੋਂ ਇਹ ਸਪਸ਼ਟ ਹੋ ਗਿਆ ਸੀ ਕਿ ਹੁਣ ਇਹ ਪਾਰਟੀ ਦੇ ਖਿਲਾਫ ਕੰਮ ਕਰਨਗੇ ਅਤੇ ਪਾਰਟੀ ਕੇਡਰ ਨੂੰ ਗੁਮਰਾਹ ਵੀ ਕਰਨਗੇ ਇਸ ਕਰਕੇ ਇਹਨਾਂ ਦੇ ਖਿਲਾਫ ਅਨੁਸ਼ਾਸਨਿਕ ਕਾਰਵਾਈ ਕੀਤੀ ਗਈ ਸੀ।