Politics news : ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਾਉਣ ਦੀ ਤਿਆਰੀ ; ਸੁਖਦੇਵ ਸਿੰਘ ਢੀਂਡਸਾ ਨੇ ਬਾਗੀ ਆਗੂਆਂ ‘ਤੇ ਹੋਈ ਕਾਰਵਾਈ ਕੀਤੀ ਖਾਰਜ
ਚੰਡੀਗੜ੍ਹ ,1ਅਗਸਤ (ਵਿਸ਼ਵ ਵਾਰਤਾ)Politics news : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨਿਕ ਕਮੇਟੀ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਖਿਲਾਫ ਕੀਤੀ ਗਈ ਕਾਰਵਾਈ ਨੂੰ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਡਸਾ ਨੇ ਰੱਦ ਕਰ ਦਿੱਤਾ ਹੈ। ਸੁਖਦੇਵ ਸਿੰਘ ਢੀਂਡਸਾ ਨੇ ਇਸ ਕਾਰਵਾਈ ਨੂੰ ਇਹ ਕਹਿ ਕੇ ਰੱਦ ਕੀਤਾ ਹੈ ਕਿ ਆਗੂ ਨੂੰ ਪਾਰਟੀ ਚੋਂ ਕੱਢਣ ਦਾ ਅਧਿਕਾਰ ਸਿਰਫ ਵਰਕਿੰਗ ਕਮੇਟੀ ਕੋਲ ਹੈ। ਇਸ ਮੌਕੇ ਢੀਡਸਾ ਨੇ ਇਹ ਐਲਾਨ ਵੀ ਕੀਤਾ ਹੈ ਕਿ ਪਾਰਟੀ ਦੇ ਡੈਲੀਗੇਟਾਂ ਦੀ ਮੀਟਿੰਗ ਬੁਲਾ ਕੇ ਜਲਦ ਹੀ ਪਾਰਟੀ ਦਾ ਨਵਾਂ ਢਾਂਚਾ ਬਣਾਇਆ ਜਾਵੇਗਾ। ਸੁਖਦੇਵ ਸਿੰਘ ਢੀਡਸਾ ਵੱਲੋਂ ਇਹ ਐਲਾਨ ਡੇਰਾ ਸੱਚਾ ਸੌਦਾ ਦੇ ਇੱਕ ਸਾਬਕਾ ਪ੍ਰੇਮੀ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਦਿੱਤੇ ਬਿਆਨਾਂ ਤੋਂ ਬਾਅਦ ਆਇਆ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਕੋਲ ਪਾਰਟੀ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਸੰਗਤ ਦੀਆਂ ਭਾਵਨਾਵਾਂ ਤੋਂ ਉਲਟ ਪ੍ਰਧਾਨਗੀ ਦੀ ਕੁਰਸੀ ਨੂੰ ਚਿੰਬੜੇ ਹੋਏ ਹਨ ਤੇ ਅਸਲ ਵਿੱਚ ਉਹ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦਾ ਵਿਸ਼ਵਾਸ ਗਵਾ ਚੁੱਕੇ ਹਨ। ਇਸ ਤਰ੍ਹਾਂ ਪਾਰਟੀ ਆਗੂ ਵਿਹੂਣੀ ਹੋ ਚੁੱਕੀ ਹੈ ਇਸ ਕਰਕੇ ਉਹਨਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਕਰਕੇ ਫੈਸਲਾ ਕੀਤਾ ਹੈ ਕਿ ਪਾਰਟੀ ਦੇ ਡੈਲੀਗੇਟਾਂ ਦਾ ਇਜਲਾਸ ਬੁਲਾਇਆ ਜਾਵੇਗਾ ਅਤੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪਾਰਟੀ ਦੇ ਵਿੱਚ ਨਵੀਂ ਰੂਹ ਫੂਕੀ ਜਾਵੇਗੀ ਉਹਨਾਂ ਕਿਹਾ ਕਿ ਜਲਦ ਹੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ ਇਜਲਾਸ ਦੀ ਥਾਂ ਅਤੇ ਸਮਾਂ ਨਿਸ਼ਚਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਨੁਸ਼ਾਸਨਿਕ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਪਾਰਟੀ ਦੇ ਸਿਧਾਂਤਾਂ ਅਤੇ ਸੰਵਿਧਾਨ ਦੀਆਂ ਰਵਾਇਤਾਂ ਦੇ ਬਿਲਕੁਲ ਉਲਟ ਸਨ। ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਆਗੂ ਦੇ ਖਿਲਾਫ ਕਾਰਵਾਈ ਕਰਨ ਦਾ ਹੱਕ ਸਿਰਫ ਵਰਕਿੰਗ ਕਮੇਟੀ ਦੇ ਕੋਲ ਹੈ। ਉਹਨਾਂ ਇਹ ਗੱਲ ਵੀ ਸਪਸ਼ਟ ਕੀਤੀ ਹੈ ਕਿ ਅਨੁਸ਼ਾਸਨੀਕ ਕਮੇਟੀ ਸਿਰਫ ਵਰਕਿੰਗ ਕਮੇਟੀ ਨੂੰ ਕਿਸੇ ਆਗੂ ਬਾਰੇ ਜਾਂ ਉਸ ਦੇ ਗਲਤ ਕੰਮਾਂ ਬਾਰੇ ਸਿਫਾਰਿਸ਼ ਕਰ ਸਕਦੀ ਹੈ। ਕਾਰਵਾਈ ਕਰਨ ਤੋਂ ਪਹਿਲਾਂ ਨਾ ਤਾਂ ਕੋਈ ਮੀਟਿੰਗ ਬੁਲਾਈ ਗਈ ਅਤੇ ਨਾ ਹੀ ਕੱਢੇ ਜਾਣ ਵਾਲੇ ਆਗੂਆਂ ਨੂੰ ਕੋਈ ਨੋਟਿਸ ਭੇਜਿਆ ਗਿਆ।