Politics News : ਜਾਣੋ ਕੀ ਰਹੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਉਪ-ਚੋਣਾਂ ਦੇ ਨਤੀਜੇ
ਨਵੀਂ ਦਿੱਲੀ ,13ਜੁਲਾਈ (ਵਿਸ਼ਵ ਵਾਰਤਾ)Politics News: ਭਾਰਤ ਦੇ 7 ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਲਈ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ।ਖਬਰ ਲਿਖੇ ਜਾਣ ਤੱਕ 11 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਕਾਂਗਰਸ 4, ਟੀਐਮਸੀ 3, ਭਾਜਪਾ 2, ਆਪ ਨੇ 1 ਅਤੇ ਆਜ਼ਾਦ ਨੇ 1 ਸੀਟ ਜਿੱਤੀ ਹੈ। ਚੋਣ ਕਮਿਸ਼ਨ ਵੱਲੋਂ ਗਿਣਤੀ ਕੇਂਦਰਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਜਿੱਤ ਦਰਜ ਕੀਤੀ ਹੈ। ਜਦੋਂ ਕਿ ਹਿਮਾਚਲ ਪ੍ਰਦੇਸ਼ ਵਿੱਚ ਸੀਐਮ ਦੀ ਪਤਨੀ ਕਮਲੇਸ਼ ਠਾਕੁਰ ਨੇ ਜਿੱਤ ਹਾਸਲ ਕੀਤੀ ਹੈ। ਬਾਕੀ ਦੋ ਸੀਟਾਂ ‘ਤੇ ਹਮੀਰਪੁਰ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਆਸ਼ੀਸ਼ ਸ਼ਰਮਾ ਅਤੇ ਨਾਲਾਗੜ੍ਹ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹਰਦੀਪ ਸਿੰਘ ਬਾਵਾ ਜੇਤੂ ਰਹੇ। ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਕ੍ਰਿਸ਼ਨਾ ਕਲਿਆਣੀ ਰਾਏਗੰਜ ਸੀਟ ਤੋਂ ਅਤੇ ਮਧੂਪਰਣਾ ਠਾਕੁਰ ਬਗਦਾ ਸੀਟ ਤੋਂ ਜੇਤੂ ਰਹੀ। ਇਸੇ ਤਰ੍ਹਾਂ ਰਾਨਾਘਾਟ ਦੱਖਣੀ ਸੀਟ ਤੋਂ ਟੀਐਮਸੀ ਉਮੀਦਵਾਰ ਜੇਤੂ ਰਿਹਾ। ਤੁਹਾਨੂੰ ਦੱਸ ਦੇਈਏ ਕਿ 10 ਜੁਲਾਈ ਨੂੰ ਸੱਤ ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਸ਼ਾਂਤੀਪੂਰਨ ਉਪ ਚੋਣਾਂ ਹੋਈਆਂ ਸਨ। ਪੰਜਾਬ ਦੀ ਇਕ, ਉੱਤਰਾਖੰਡ ਦੀ ਦੋ, ਹਿਮਾਚਲ ਪ੍ਰਦੇਸ਼ ਦੀ ਤਿੰਨ, ਪੱਛਮੀ ਬੰਗਾਲ ਦੀ ਚਾਰ ਅਤੇ ਬਿਹਾਰ, ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਦੀ ਇਕ-ਇਕ ਵਿਧਾਨ ਸਭਾ ਸੀਟ ‘ਤੇ ਉਪ ਚੋਣਾਂ ਹੋਈਆਂ ਹਨ।