Politics News : ਹਮਲੇ ‘ਚ ਜ਼ਖਮੀ ਸ਼ਿਵ ਸੈਨਾ ਆਗੂ ਗੋਰਾ ਥਾਪਰ ਨੂੰ ਲੁਧਿਆਣਾ ਦੇ ਹਸਪਤਾਲ ਤੋਂ ਮਿਲੀ ਛੁੱਟੀ
ਲੁਧਿਆਣਾ 13 ਜੁਲਾਈ (ਵਿਸ਼ਵ ਵਾਰਤਾ)Politics News: ਸ਼ਿਵ ਸੈਨਾ ਪੰਜਾਬ ਦੇ ਆਗੂ ਸੰਦੀਪ ਗੋਰਾ ਥਾਪਰ ਨੂੰ ਹਸਪਤਾਲ ‘ਚੋ ਛੁੱਟੀ ਦੇ ਦਿੱਤੀ ਗਈ ਹੈ। ਗੋਰਾ ਥਾਪਰ ਲਗਭਗ ਪਿਛਲੇ 8 ਦਿਨਾਂ ਤੋਂ ਇਲਾਜ਼ ਲਈ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿਚ ਭਰਤੀ ਸਨ। 5 ਜੁਲਾਈ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਉਨ੍ਹਾਂ ‘ਤੇ ਨਿਹੰਗ ਸਿੰਘਾਂ ਦੇ ਬਾਣੇ ‘ਚ ਆਏ ਵਿਅਕਤੀਆਂ ਵੱਲੋ ਹਮਲਾ ਕੀਤਾ ਗਿਆ ਸੀ। ਹਮਲੇ ‘ਚ ਉਨ੍ਹਾਂ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚਿਆ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਇਨੀ ਤੇਜ਼ੀ ਨਾਲ ਰਿਕਵਰੀ ਹੋਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਹਮਲਵਾਰਾਂ ਨੇ ਗੋਰਾ ਥਾਪਰ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ, ਇਸ ਹਮਲੇ ’ਚ ਥਾਪਰ ਦੀਆਂ ਕਈ ਥਾਵਾਂ ਤੋਂ ਹੱਡੀਆਂ ਟੁੱਟ ਗਈਆਂ ਸਨ ਅਤੇ ਮਾਸਪੇਸ਼ੀਆਂ ਦੀਆਂ ਨਾੜਾਂ ਵੀ ਕੱਟੀਆਂ ਗਈਆਂ ਸਨ। ਸਿਰ ਅਤੇ ਬਾਹਾਂ ‘ਤੇ ਕਈ ਡੂੰਘੇ ਜ਼ਖਮ ਸਨ। ਡਾਕਟਰਾਂ ਦੀ ਕੋਸ਼ਿਸ਼ ਸਦਕਾ ਉਨ੍ਹਾਂ ਦੀ ਹਾਲਾਤ ਠੀਕ ਹੈ ਤੇ ਜਖਮ ਵੀ ਠੀਕ ਹੋਣ ਲੱਗੇ ਹਨ। ਉਨ੍ਹਾਂ ਦੇ ਇਲਾਜ਼ ਬਾਰੇ ਜਾਣਕਾਰੀ ਦਿੰਦਿਆਂ ਡੀ.ਐਮ.ਸੀ ਦੇ ਡਾ.ਅਨੁਭਵ ਸ਼ਰਮਾ ਨੇ ਦੱਸਿਆ ਹੈ ਕਿ, ਸੰਦੀਪ ਥਾਪਰ 8 ਦਿਨਾਂ ਵਿੱਚ ਕਾਫੀ ਹੱਦ ਤੱਕ ਠੀਕ ਹੋ ਗਏ ਹਨ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਉਨ੍ਹਾਂ ਦਾ ਆਪਰੇਸ਼ਨ ਦੋ ਪੜਾਵਾਂ ਵਿੱਚ ਕੀਤਾ ਗਿਆ ਹੈ।