PM Modi Ethiopia: ਜਾਰਡਨ ਤੋਂ ਬਾਅਦ ਇਥੋਪੀਆ ਪਹੁੰਚੇ ਪ੍ਰਧਾਨ ਮੰਤਰੀ ਮੋਦੀ
-PM ਅਬੀ ਅਹਿਮਦ ਅਲੀ ਨੇ ਕੀਤਾ ਨਿੱਘਾ ਸਵਾਗਤ
ਨਵੀ ਦਿੱਲੀ, 16 ਦਸੰਬਰ 2025 (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਜਾਰਡਨ ਦੌਰੇ ਤੋਂ ਬਾਅਦ ਇਥੋਪੀਆ ਪਹੁੰਚ ਗਏ ਹਨ। ਉਹ ਅੱਜ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਪੁੱਜੇ। ਇਸ ਮੌਕੇ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨੇ ਰਾਜਧਾਨੀ ਅਦੀਸ ਅਬਾਬਾ ਦੇ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਦਾ ਜੱਫੀ ਪਾ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨੇ ਖੁਦ ਗੱਡੀ ਚਲਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਅਦੀਸ ਅਬਾਬਾ ਹਵਾਈ ਅੱਡੇ ਤੋਂ ਹੋਟਲ ਤੱਕ ਪਹੁੰਚਾਇਆ।

ਇਹ ਪ੍ਰਧਾਨ ਮੰਤਰੀ (PM Modi) ਦਾ ਇਥੋਪੀਆ ਦਾ ਪਹਿਲਾ ਦੌਰਾ ਹੈ। ਉਹ ਦੋ ਦਿਨਾਂ ਦੇ ਸਰਕਾਰੀ ਦੌਰੇ ‘ਤੇ ਹਨ। ਇਸ ਦੌਰੇ ਦੌਰਾਨ, ਉਨ੍ਹਾਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ, ਸਹਿਯੋਗ ਅਤੇ ਆਪਸੀ ਹਿੱਤ ਦੇ ਮੁੱਦਿਆਂ ‘ਤੇ ਚਰਚਾ ਕਰਨ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਭਾਰਤ ਇਥੋਪੀਆ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਇਥੋਪੀਆ ਭਾਰਤ ਤੋਂ ਲੋਹਾ, ਸਟੀਲ, ਦਵਾਈਆਂ ਅਤੇ ਫਾਰਮਾਸਿਊਟੀਕਲ, ਮਸ਼ੀਨਰੀ ਅਤੇ ਉਪਕਰਣ ਆਯਾਤ ਕਰਦਾ ਹੈ। ਭਾਰਤ ਇਥੋਪੀਆ ਤੋਂ ਦਾਲਾਂ, ਕੀਮਤੀ ਪੱਥਰ, ਸਬਜ਼ੀਆਂ ਅਤੇ ਬੀਜ, ਚਮੜਾ ਅਤੇ ਮਸਾਲੇ ਆਯਾਤ ਕਰਦਾ ਹੈ।
ਪ੍ਰਧਾਨ ਮੰਤਰੀ ਜਾਰਡਨ ਦਾ ਦੌਰਾ ਕਰਨ ਤੋਂ ਬਾਅਦ ਇਥੋਪੀਆ ਪਹੁੰਚੇ ਹਨ। ਅੱਜ ਮੰਗਲਵਾਰ ਨੂੰ ਜਾਰਡਨ ਦੇ ਸਰਕਾਰੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਕ੍ਰਾਊਨ ਪ੍ਰਿੰਸ ਅਲ ਹੁਸੈਨ ਬਿਨ ਅਬਦੁੱਲਾ ਖੁਦ ਗੱਡੀ ਚਲਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਰਡਨ ਅਜਾਇਬ ਘਰ ਲੈ ਕੇ ਗਏ । ਇਸ ਤੋਂ ਬਾਅਦ ਉਹ ਪੀ ਐਮ ਮੋਦੀ ਨੂੰ ਹਵਾਈ ਅੱਡੇ ਤਕ ਛੱਡਣ ਵੀ ਗਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

























