PM ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਦੁਵੱਲੀ ਮੀਟਿੰਗ ਅੱਜ
ਚੰਡੀਗੜ੍ਹ, 23ਅਕਤੂਬਰ(ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ ਮੋਦੀ ਅੱਜ ਰੂਸ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਇੱਥੇ ਦੋਵਾਂ ਵਿਚਾਲੇ ਦੁਵੱਲੀ ਗੱਲਬਾਤ ਹੋਵੇਗੀ। ਦੋਵੇਂ ਨੇਤਾ 2 ਸਾਲ ਬਾਅਦ ਮਿਲਣਗੇ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਕਰਮ ਮਿਸਰੀ ਨੇ ਮੰਗਲਵਾਰ ਨੂੰ ਦਿੱਤੀ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਅੱਜ ਬ੍ਰਿਕਸ ਦੇਸ਼ਾਂ ਦੇ ਸੰਮੇਲਨ ‘ਚ ਸ਼ਿਰਕਤ ਕਰਨਗੇ। ਇਹ ਸੰਮੇਲਨ ਦੋ ਸੈਸ਼ਨਾਂ ਵਿੱਚ ਹੋਵੇਗਾ। ਪ੍ਰਧਾਨ ਮੰਤਰੀ ਇੱਥੇ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਸਮਿਟ ਅਤੇ ਦੁਵੱਲੀ ਗੱਲਬਾਤ ਪੂਰੀ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਅੱਜ ਹੀ ਭਾਰਤ ਲਈ ਰਵਾਨਾ ਹੋਣਗੇ। ਇਸ ਤੋਂ ਪਹਿਲਾਂ ਮੋਦੀ ਸ਼ਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਰੂਸ ਦੇ ਕਜ਼ਾਨ ਸ਼ਹਿਰ ਪਹੁੰਚੇ। ਇੱਥੇ ਪਹੁੰਚਣ ‘ਤੇ ਉਨ੍ਹਾਂ ਦਾ ਰਵਾਇਤੀ ਰੂਸੀ ਢੰਗ ਸਵਾਗਤ ਕੀਤਾ ਗਿਆ। ਹੋਟਲ ਪਹੁੰਚ ਕੇ ਉਨ੍ਹਾਂ ਨੇ ਭਾਰਤੀ ਪਹਿਰਾਵੇ ਵਿੱਚ ਰੂਸੀ ਕਲਾਕਾਰਾਂ ਦਾ ਡਾਂਸ ਵੀ ਦੇਖਿਆ।
ਜ਼ਿਕਰਯੋਗ ਹੈ ਕਿ BRIC ਦੇਸ਼ਾਂ ਦਾ ਪਹਿਲਾ ਸਿਖਰ ਸੰਮੇਲਨ 2009 ਵਿੱਚ ਹੋਇਆ ਸੀ। ਇਹ ਰੂਸ ਵਿਚ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਬਾਅਦ 2010 ‘ਚ ਦੱਖਣੀ ਅਫਰੀਕਾ ਦੇ ਸ਼ਾਮਲ ਹੋਣ ਤੋਂ ਬਾਅਦ ਇਸ ਦਾ ਨਾਂ ਬਦਲ ਕੇ ਬ੍ਰਿਕਸ ਕਰ ਦਿੱਤਾ ਗਿਆ। ਹੁਣ ਤੱਕ 15 ਵਾਰ ਬ੍ਰਿਕਸ ਸੰਮੇਲਨ ਹੋ ਚੁੱਕਾ ਹੈ। ਇਸ ਵਾਰ 16ਵਾਂ ਸਿਖਰ ਸੰਮੇਲਨ ਹੋ ਰਿਹਾ ਹੈ।
ਬੀਤੇ ਦਿਨ 22 ਅਕਤੂਬਰ ਨੂੰ ਆਪਣੀ ਰੂਸ ਯਾਤਰਾ ਦੇ ਪਹਿਲੇ ਦਿਨ, ਪੀਐਮ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਾਕੀਅਨ ਨਾਲ ਦੁਵੱਲੀ ਗੱਲਬਾਤ ਕੀਤੀ। ਸਭ ਤੋਂ ਪਹਿਲਾਂ ਪੀਐਮ ਮੋਦੀ ਨੇ ਪੁਤਿਨ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਅੱਜ ਰੂਸ ਤੋਂ ਰਵਾਨਾ ਹੋਣਗੇ। ਇਸ ਤੋਂ ਬਾਅਦ ਵਿਦੇਸ਼ ਮੰਤਰੀ ਐਸ ਜੈਸ਼ੰਕਰ 24 ਅਕਤੂਬਰ ਨੂੰ ਬ੍ਰਿਕਸ ਪਲੱਸ ਦੇਸ਼ਾਂ ਦੇ ਸੈਸ਼ਨ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ। ਇਹ ਸੈਸ਼ਨ ‘ਬ੍ਰਿਕਸ ਐਂਡ ਗਲੋਬਲ ਸਾਊਥ’ ਦੀ ਥੀਮ ‘ਤੇ ਹੋਵੇਗਾ।ਇਸ ਸੰਮੇਲਨ ਵਿੱਚ ਕੁੱਲ 28 ਦੇਸ਼ ਅਤੇ 5 ਅੰਤਰਰਾਸ਼ਟਰੀ ਸੰਗਠਨ ਹਿੱਸਾ ਲੈਣਗੇ। ਸੰਮੇਲਨ ਤੋਂ ਬਾਅਦ ਬ੍ਰਿਕਸ ਦੇਸ਼ਾਂ ਦਾ ਸਾਂਝਾ ਬਿਆਨ ਯਾਨੀ ਕਜ਼ਾਨ ਘੋਸ਼ਣਾ ਪੱਤਰ ਜਾਰੀ ਕੀਤਾ ਜਾਵੇਗਾ।