PUNJAB ਦੇ ਸਾਰੇ ਪਿੰਡਾਂ ਦੇ ਛੱਪੜਾਂ ਦੇ ਸੁੰਦਰੀਕਰਨ ਦੀ ਯੋਜਨਾ: ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
– ਛੱਪੜਾਂ ਦੀ ਬਰਸਾਤਾਂ ਤੋਂ ਪਹਿਲਾਂ ਸਫਾਈ ਦਾ ਟੀਚਾ
ਚੰਡੀਗੜ੍ਹ, 25 ਮਾਰਚ (ਵਿਸ਼ਵ ਵਾਰਤਾ):- PUNJAB ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਵਿਧਾਨ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਇਸ ਵਾਰ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਪੰਜਾਬ ਦੇ ਸਾਰੇ ਪਿੰਡਾਂ ਦੇ ਛੱਪੜਾਂ/ਟੋਭਿਆਂ ਦੀ ਸਫਾਈ ਕਰਵਾਉਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਸਾਰੇ ਛੱਪੜਾਂ ਨੂੰ ਖਾਲੀ ਕਰਵਾਉਣ ਦੀ ਯੋਜਨਾ ਹੈ ਅਤੇ ਜੇਕਰ ਛੱਪੜਾਂ ਦੀ ਸਫਾਈ ਲਈ ਮਸ਼ੀਨਰੀ ਦੀ ਲੋੜ ਪਈ ਤਾਂ ਇਸ ਦੀ ਵਰਤੋਂ ਕੀਤੀ ਜਾਵੇਗੀ।
ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਜਿੱਥੇ ਜਿੱਥੇ ਵੀ ਜ਼ਰੂਰਤ ਪਈ ਉੱਥੇ ਛੱਪੜਾਂ ਦੀ ਡੀਸੀਲਟਿੰਗ ਅਤੇ ਰੀਸੀਲਟਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵੀ ਕੋਸ਼ਿਸ਼ ਹੈ ਕਿ ਸਾਫ-ਸਫਾਈ ਕਰਕੇ ਛੱਪੜਾਂ ਦੇ ਕਿਨਾਰਿਆਂ ਨੂੰ ਟੇਪਰ ਕੀਤਾ ਜਾਵੇ ਅਤੇ ਕਿਨਾਰਿਆਂ ਉੱਤੇ ਘਾਹ-ਬੂਟੇ ਲਗਾ ਕੇ ਛੱਪੜਾਂ ਨੂੰ ਵਧੇਰੇ ਸੁੰਦਰ ਬਣਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀਆਂ 52 ਗ੍ਰਾਮ ਪੰਚਾਇਤਾਂ ਵਿੱਚ 147 ਛੱਪੜ ਹਨ। ਇਨ੍ਹਾਂ ਛੱਪੜਾਂ ਵਿੱਚੋਂ 25 ਗ੍ਰਾਮ ਪੰਚਾਇਤਾਂ ਦੇ 35 ਛੱਪੜਾਂ ਨੂੰ ਸਾਲ 2024-25 ਦੌਰਾਨ ਮਗਨਰੇਗਾ ਸਕੀਮ ਅਤੇ ਹੋਰ ਸਰੋਤਾਂ ਰਾਹੀਂ ਸਾਫ਼ ਕੀਤਾ ਗਿਆ ਹੈ। 27 ਗ੍ਰਾਮ ਪੰਚਾਇਤਾਂ ਦੇ ਬਾਕੀ 112 ਛੱਪੜਾਂ ਦੀ ਸਫਾਈ ਦੀ ਵਿਸ਼ੇਸ਼ ਮੁਹਿੰਮ ਸਾਲ 2025-26 ਦੌਰਾਨ ਮਗਨਰੇਗਾ ਸਕੀਮ, 15ਵੇਂ ਵਿੱਤ ਕਮਿਸ਼ਨ ਅਤੇ ਗ੍ਰਾਮ ਪੰਚਾਇਤਾਂ/ਪੰਚਾਇਤ ਸੰਪਤੀਆਂ/ਜ਼ਿਲ੍ਹਾਂ ਪ੍ਰੀਸ਼ਦਾਂ ਅਧੀਨ ਫੰਡਾਂ ਰਾਹੀਂ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਕਰਵਾਉਣ ਦੀ ਯੋਜਨਾ ਹੈ।
———–