Patiala News: ਪਟਿਆਲਾ ਹੈਰੀਟੇਜ ਫੈਸਟੀਵਲ-2025′ ਹਵਾਈ ਜਹਾਜਾਂ ਦੇ ਮਾਡਲਾਂ ਦਾ ਸ਼ੋਅ 15 ਫਰਵਰੀ ਨੂੰ, ਪੀ.ਡੀ.ਏ. ਦੇ ਸੀ.ਏ. ਮਨੀਸ਼ਾ ਰਾਣਾ ਵੱਲੋਂ ਪੋਸਟਰ ਜਾਰੀ
-ਲੋਕਾਂ ਨੂੰ ਹਵਾਈ ਜਹਾਜਾਂ ਦੇ ਮਾਡਲਾਂ ਦੇ ਕਰਤੱਬ ਦੇਖਣ ਏਵੀਏਸ਼ਨ ਕਲੱਬ ਆਉਣ ਦਾ ਖੁੱਲ੍ਹਾ ਸੱਦਾ
ਪਟਿਆਲਾ, 11 ਫਰਵਰੀ (ਵਿਸ਼ਵ ਵਾਰਤਾ):- ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਪਟਿਆਲਾ ਹੈਰੀਟੇਜ ਫੈਸਟੀਵਲ 2025 ਤਹਿਤ 15 ਫਰਵਰੀ ਨੂੰ ਕਰਵਾਏ ਜਾ ਰਹੇ ਐਰੋ ਦਾ ਸ਼ੋਅ ਪੋਸਟਰ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਸੀ.ਏ. ਜਸ਼ਨਪ੍ਰੀਤ ਕੌਰ ਗਿੱਲ ਵੀ ਮੌਜੂਦ ਸਨ। ਮਨੀਸ਼ਾ ਰਾਣਾ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਵੱਖ-ਵੱਖ ਹਵਾਈ ਜਹਾਜਾਂ ਦੇ ਮਾਡਲਾਂ ਦੇ ਸ਼ੋਅ ਦੇਖਣ ਲਈ ਪੁੱਜਣ ਦਾ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਇਸ ਲਈ ਦਾਖਲਾ ਬਿਲਕੁਲ ਮੁਫ਼ਤ ਹੈ।
ਮਨੀਸ਼ਾ ਰਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਦੇਖ ਰੇਖ ਹੇਠ ਐਰੋ ਮਾਡਲਿੰਗ ਸ਼ੋਅ ਇਥੇ ਸੰਗਰੂਰ ਰੋਡ ‘ਤੇ ਸਥਿਤ ਸਿਵਲ ਏਵੀਏਸ਼ਨ ਕਲੱਬ ਵਿਖੇ 15 ਫਰਵਰੀ ਨੂੰ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਸਮਾਰੋਹਾਂ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਵਾਲੇ ਹਵਾਈ ਜਹਾਜਾਂ ਦੇ ਮਾਡਲਾਂ ਦੇ ਸ਼ੋਅ ਦੌਰਾਨ ਏਵੀਏਸ਼ਨ ਕਲੱਬ ਪਟਿਆਲਾ ਦੇ ਚੀਫ਼ ਇੰਸਟ੍ਰਕਟਰ ਕੈਪਟਨ ਹਰਪ੍ਰੀਤ ਸਿੰਘ ਵੱਲੋਂ ਹਵਾਈ ਜਹਾਜ ਦੇ ਕਰਤੱਬ ਦਿਖਾਉਣ ਸਮੇਤ ਵੱਖ-ਵੱਖ ਏਅਰੋ ਮਾਡਲਿੰਗ ਕਲੱਬਾਂ ਦੀਆਂ ਟੀਮਾਂ ਜਹਾਜਾਂ ਦੇ ਮਾਡਲਾਂ ਦੇ ਕਰਤੱਬ ਦਿਖਾਉਣਗੀਆਂ।
ਮਨੀਸ਼ਾ ਰਾਣਾ ਦੱਸਿਆ ਕਿ ਵਿਦਿਆਰਥੀਆਂ ਨੂੰ ਭਾਰਤੀ ਫ਼ੌਜ ‘ਚ ਭਰਤੀ ਹੋਣ ਲਈ ਪ੍ਰੇਰਤ ਕਰਨ ਵਾਸਤੇ ਕਰਵਾਏ ਜਾਣ ਵਾਲੀ ਇਸ ਐਰੋ ਮਾਡਲਿੰਗ ਦੌਰਾਨ ਮਾਈਕਰੋ-ਲਾਈਟ ਏਅਰਕਰਾਫ਼ਟ ਫਲਾਇੰਗ, ਹਵਾਈ ਜਹਾਜ਼ ਤੋਂ ਪਰਚੇ ਸੁੱਟਣਾ, ਪੈਰਾਗਲਾਈਡਿੰਗ ਸ਼ੋਅ ਸਮੇਤ ਐਨ.ਸੀ.ਸੀ., ਪੀ.ਏ.ਐਮ.ਈ.ਸੀ. ਅਤੇ ਡੀ.ਬੀ.ਈ.ਈ. ਵੱਲੋਂ ਕੈਰੀਅਰ ਕਾਊਂਸਲਿੰਗ ਵੀ ਹੋਵੇਗੀ।