Patiala News: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਵੱਡੀ ਤੇ ਛੋਟੀ ਨਦੀ ਦੇ ਨਵੀਨੀਕਰਨ ਤੇ ਸੁੰਦਰੀਕਰਨ ਪ੍ਰਾਜੈਕਟ ਦਾ ਜਾਇਜ਼ਾ
-ਛੋਟੀ ਤੇ ਵੱਡੀ ਨਦੀ ਦਾ ਨਵੀਨੀਕਰਨ ਤੇ ਸੁੰਦਰੀਕਰਨ ਪੰਜਾਬ ਸਰਕਾਰ ਦਾ ਅਹਿਮ ਪ੍ਰਾਜੈਕਟ, ਇਸ ‘ਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ-ਡਾ. ਪ੍ਰੀਤੀ ਯਾਦਵ
-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਾਜੈਕਟ ਜਲਦੀ ਮੁਕੰਮਲ ਕਰਨ ਲਈ ਕੰਮ ‘ਚ ਤੇਜੀ ਲਿਆਉਣ ਦੀ ਹਦਾਇਤ
ਪਟਿਆਲਾ, 13 ਜਨਵਰੀ (ਵਿਸ਼ਵ ਵਾਰਤਾ):- ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਦੀ ਛੋਟੀ ਨਦੀ ਅਤੇ ਵੱਡੀ ਨਦੀ ਦੀ ਪੁਨਰ ਸੁਰਜੀਤੀ ਲਈ ਸੁੰਦਰੀਕਰਨ ਅਤੇ ਨਵੀਨੀਕਰਨ ਪ੍ਰਾਜੈਕਟ ਦਾ ਮੌਕੇ ‘ਤੇ ਜਾ ਕੇ ਜਾਇਜ਼ਾ ਲਿਆ। ਉਨ੍ਹਾਂ ਨੇ ਡਰੇਨੇਜ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਹਦਾਇਤ ਕੀਤੀ ਕਿ ਆਪਸੀ ਤਾਲਮੇਲ ਨਾਲ ਪ੍ਰਾਜੈਕਟ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇ।
ਡਾ. ਪ੍ਰੀਤੀ ਯਾਦਵ ਨੇ ਸਬੰਧਤ ਅਧਿਕਾਰੀਆਂ ਤੋਂ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪਟਿਆਲਾ ਦੀ ਛੋਟੀ ਨਦੀ ਅਤੇ ਵੱਡੀ ਨਦੀ ਦੀ ਪੁਨਰ ਸੁਰਜੀਤੀ ਕਰਕੇ ਇਸਦੇ ਨਵੀਨੀਕਰਨ ਤੇ ਸੁੰਦਰੀਕਰਨ ਨਾਲ ਇੱਕ ਸੈਰਗਾਹ ਵਜੋਂ ਵਿਕਸਤ ਕਰਨਾ, ਪੰਜਾਬ ਸਰਕਾਰ ਦਾ ਇੱਕ ਅਹਿਮ ਪ੍ਰਾਜੈਕਟ ਹੈ, ਜਿਸ ਲਈ ਇਸ ਵਿੱਚ ਕਿਸੇ ਕਿਸਮ ਦੀ ਕੋਈ ਢਿੱਲ-ਮੱਠ ਨਾ ਵਰਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਮੁਤਾਬਕ 15 ਐਮ.ਐਲ.ਡੀ. ਦਾ ਐਸ.ਟੀ.ਪੀ. ਦੌਲਤਪੁਰ ਨੇੜੇ ਬਣ ਰਿਹਾ ਹੈ, ਜਿਸ ਦਾ ਕੰਮ 80 ਫ਼ੀਸਦੀ ਮੁਕੰਮਲ ਹੋ ਚੁੱਕਾ ਹੈ ਜਦੋਂਕਿ ਇੱਥੇ ਹੀ ਲੱਗ ਰਿਹਾ 2.5 ਐਮ.ਐਲ.ਡੀ. ਦਾ ਈ.ਟੀ.ਪੀ. ਫੋਕਲ ਪੁਆਇੰਟ ਦੇ ਇੰਡਸਟ੍ਰੀਅਲ ਵੇਸਟ ਨੂੰ ਵੀ ਟਰੀਟ ਕਰੇਗਾ ਤੇ ਇਸ ਦਾ ਕੰਮ 35 ਫ਼ੀਸਦੀ ਹੋਇਆ ਹੈ। ਇਸ ਤੋਂ ਬਿਨ੍ਹਾਂ ਸੰਨੀ ਇਨਕਲੇਵ ਦੇ ਪਿਛਲੇ ਪਾਸੇ 26 ਐਮ.ਐਲ.ਡੀ. ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੰਮ ਵੀ 80 ਫ਼ੀਸਦੀ ਮੁਕੰਮਲ ਹੋ ਗਿਆ ਹੈ ਅਤੇ ਇਹ ਸਾਰੇ ਕੰਮ 30 ਸਤੰਬਰ 2025 ਤੱਕ ਮੁਕੰਮਲ ਕਰ ਲਏ ਜਾਣਗੇ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹੜ੍ਹਾਂ ਕਰਕੇ ਵੱਡੀ ਨਦੀ ਦੇ ਬੰਧਾਂ ਤੇ ਐਸ.ਟੀ.ਪੀ. ਨੂੰ ਕਾਫੀ ਨੁਕਸਾਨ ਹੋਇਆ ਸੀ ਜਿਸ ਕਰਕੇ ਪ੍ਰਾਜੈਕਟ ‘ਚ ਕੁਝ ਦੇਰੀ ਹੋਈ ਪਰੰਤੂ ਹੁਣ ਇਸ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ ਅਤੇ ਇਸ ਨੂੰ 31 ਅਕਤੂਬਰ 2025 ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵਾਂ ਨਦੀਆਂ ਵਿੱਚ ਕਿਸੇ ਤਰ੍ਹਾਂ ਦਾ ਸੀਵਰੇਜ ਦਾ ਗੰਦਾ ਪਾਣੀ ਸਿੱਧਾ ਨਹੀਂ ਪਾਇਆ ਜਾਵੇਗਾ ਤੇ ਇਹ ਟ੍ਰੀਟ ਕਰਕੇ ਹੀ ਇਨ੍ਹਾਂ ‘ਚ ਪੈ ਸਕੇਗਾ। ਡਿਪਟੀ ਕਮਿਸ਼ਨਰ ਨੇ ਸਾਰੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਇਸ ਦੀ ਪ੍ਰਗਤੀ ਰਿਪੋਰਟ ਲਗਾਤਾਰ ਭੇਜਣ ਦੀ ਵੀ ਹਦਾਇਤ ਕੀਤੀ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਹ ਨਦੀਆਂ ਸ਼ਹਿਰ ‘ਚੋਂ ਮੁੱਖ ਨਿਕਾਸੀ ਨਦੀਆਂ ਹਨ ਅਤੇ ਮਾਨਸੂਨ ਦੇ ਸੀਜਨ ‘ਚ ਇਨ੍ਹਾਂ ‘ਚ ਰੁਕਾਵਟਾਂ ਪੈਦਾ ਹੋਣ ਕਰਕੇ ਹੜ੍ਹ ਵੀ ਆਉਂਦੇ ਹਨ, ਪਰੰਤੂ 164 ਕਰੋੜ ਰੁਪਏ ਦੀ ਲਾਗਤ ਨਾਲ ਛੋਟੀ ਨਦੀ ਦੀ ਚੈਨੇਲਾਈਜੇਸ਼ਨ, ਸੈਰਤੇ ਸਾਇਕਲਿੰਗ ਲਈਟਰੈਕ, ਫੈਂਸਿੰਗ ਸਮੇਤ ਵੱਡੀ ਨਦੀ ਦੇ ਇਨਲੈਟਸ, ਚੈਕ ਡੈਮ, ਬ੍ਰਿਜ਼ਿਜ਼, ਰੀਸੱਕਸਨਿੰਗ, ਦੋਵਾਂ ਨਦੀਆਂ ਦੇ ਸੁੰਦਰੀਕਰਨ ਤੇ ਨਵੀਨੀਕਰਨ ਦੇ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਜਲ ਨਿਕਾਸ ਠੀਕ ਹੋਵੇਗਾ।
ਇਸ ਮੌਕੇ ਜਲ ਨਿਕਾਸ ਵਿਭਾਗ ਦੇ ਐਸ.ਡੀ.ਓ. ਰਕਵਿੰਦਰ ਸਿੰਘ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਐਸ.ਡੀ.ਓ. ਸੰਜੇ ਜਿੰਦਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।