ਪਟਿਆਲਾ, 4 ਫਰਵਰੀ (ਵਿਸ਼ਵ ਵਾਰਤਾ):- ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਰਕਾਰੀ ਮਹਿੰਦਰਾ ਕਾਲਜ ਦੇ ਰਾਜਨੀਤੀ ਵਿਭਾਗ ਵੱਲੋਂ ਸਵੀਪ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਗਏ ਅੰਤਰ ਕਾਲਜ ਤੇ ਅੰਤਰ ਸਕੂਲ ਡੀਬੇਟ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣਾਂ ਸਾਡੇ ਦੇਸ਼ ਵਿੱਚ ਲੋਕਤੰਤਰ ਦਾ ਅਹਿਮ ਅੰਗ ਹਨ ਇਸ ਲਈ ਹਰੇਕ ਵਿਦਿਆਰਥੀ ਨੂੰ ਮਜ਼ਬੂਤ ਲੋਕਤੰਤਰ ਲਈ ਇੱਕ ਚੰਗਾ ਨਾਗਰਿਕ ਹੋਣ ਦੇ ਨਾਲ-ਨਾਲ ਇੱਕ ਜਾਗਰੂਕ ਵੋਟਰ ਵੀ ਹੋਣਾ ਚਾਹੀਦਾ ਹੈ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਵੋਟਾਂ ਦੀ ਮਹੱਤਤਾ ਬਾਰੇ ਅਤੇ ਵੋਟ ਦੇ ਅਧਿਕਾਰੀ ਦੀ ਵਰਤੋਂ ਜਿੰਮੇਵਾਰੀ ਤੇ ਇਮਾਨਦਾਰੀ ਨਾਲ ਕਰਨ ਲਈ ਅਜਿਹੇ ਡੀਬੇਟ ਮੁਕਾਬਲੇ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਆਮ ਨਾਗਰਿਕਾਂ ਵਿੱਚ ਵੋਟਾਂ ਪਾਉਣ ਪ੍ਰਤੀ ਪੈਦਾ ਹੋ ਰਹੀ ਉਦਾਸੀਨਤਾ ਤੇ ਇਸ ਦੇ ਕਾਰਨਾਂ ਅਤੇ ਇਸ ਨੂੰ ਦੂਰ ਕਰਨ ਲਈ ਕਰਵਾਏ ਗਏ ਇਸ ਡੀਬੇਟ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਸੀ, ਜੋ ਕਿ ਸ਼ਲਾਘਯੋਗ ਹੈ।
ਡਿਪਟੀ ਕਮਿਸ਼ਨਰ ਨੇ ਕਾਲਜ ਵਰਗ ‘ਚ ਪਹਿਲੇ ਸਥਾਨ ‘ਤੇ ਰਹੇ ਸਰਕਾਰੀ ਮਹਿੰਦਰਾ ਕਾਲਜ ਦੇ ਅਲੀ ਹਸਨ ਨਕਵੀ ਅਤੇ ਡੋਰੀਅਸ, ਦੂਜੇ ਸਥਾਨ ‘ਤੇ ਰਹੇ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਥਮ ਕੁਮਾਰ ਤੇ ਅਵਪ੍ਰੀਤ ਕੌਰ ਸਮੇਤ ਸਕੂਲ ਵਰਗ ‘ਚ ਪਹਿਲੇ ਸਥਾਨ ‘ਤੇ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਦੇ ਸ਼ੋਭਾ ਸ਼ਰਮਾ ਤੇ ਡੌਲੀ ਸ਼ਰਮਾ, ਦੂਜੇ ਸਥਾਨ ‘ਤੇ ਰਹੇ ਸਰਕਾਰੀ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸ ਤੇ ਸੀਮਾ ਦਾ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ, ਪ੍ਰੋ. ਐਸ.ਐਸ. ਰੇਖੀ, ਮੋਹਿਤ ਕੌਸ਼ਲ ਤੇ ਚੋਣ ਤਹਿਸੀਲਦਾਰ ਵਿਜੇ ਕੁਮਾਰ ਵੀ ਮੌਜੂਦ ਸਨ।
PATIALA NEWS
DC PREETI YADAV