Patiala News: ਏ.ਡੀ.ਸੀ. ਨਵਰੀਤ ਕੌਰ ਸੇਖੋਂ ਵੱਲੋਂ 16 ਫਰਵਰੀ ਨੂੰ ਖ਼ਾਲਸਾ ਕਾਲਜ ‘ਚ ਹੋਣ ਵਾਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੀਆਂ ਤਿਆਰੀਆਂ ਦਾ ਜਾਇਜ਼ਾ
ਪਟਿਆਲਾ, 10 ਫਰਵਰੀ (ਵਿਸ਼ਵ ਵਾਰਤਾ):- ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਪਟਿਆਲਾ ਹੈਰੀਟੇਜ ਫੈਸਟੀਵਲ-2025 ਤਹਿਤ 16 ਫਰਵਰੀ ਨੂੰ ਪਟਿਆਲਾ ਦੇ ਖ਼ਾਲਸਾ ਕਾਲਜ ਵਿਖੇ ਕਰਵਾਏ ਜਾਣ ਵਾਲੇ ਤੀਜੇ ਮਿਲਟਰੀ ਲਿਟਰੇਚਰ ਫੈਸਟੀਵਲ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਤੇ ਪੀ.ਪੀ.ਐਸ.ਸੀ. ਦੇ ਸਕੱਤਰ ਚਰਨਜੀਤ ਸਿੰਘ ਸਮੇਤ ਖ਼ਾਲਸਾ ਕਾਲਜ ਦੇ ਪ੍ਰੋਫੈਸਰ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਏ.ਡੀ.ਸੀ. ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ 16 ਫਰਵਰੀ ਨੂੰ ਵਾਈ.ਪੀ.ਐਸ. ਚੌਂਕ ਸਥਿਤ ਸੇਨੋਟਾਫ਼ ਵਿਖੇ ਫੁੱਲ ਮਾਲਾ ਅਰਪਣ ਅਤੇ ਪੋਲੋ ਗਰਾਊਂਡ ਤੋਂ ਬ੍ਰੇਵ-ਹਾਰਟ ਮੋਟਰਸਾਈਕਲ ਰੈਲੀ ਹੋਵੇਗੀ। ਇਸ ਤੋਂ ਬਾਅਦ ਖ਼ਾਲਸਾ ਕਾਲਜ ਵਿਖੇ ਜੋਸ਼, ਬੈਂਡ ਡਿਸਪਲੇ, ਜਜ਼ਬੇ ਅਤੇ ਬਹਾਦਰੀ ਦਾ ਵਰਨਣ, ਫ਼ੌਜੀ ਟੈਂਕਾਂ ਤੇ ਜੰਗੀ ਸਾਜ਼ੋ-ਸਾਮਾਨ ਦੀ ਪ੍ਰਦਰਸ਼ਨੀ, ਯੋਧਿਆਂ ਦੇ ਨ੍ਰਿਤ, ਘੋੜਸਵਾਰੀ ਸ਼ੋਅ, ਗਤਕਾ, ਪੁਰਾਤਨ ਵਸਤਾਂ ਤੇ ਦੁਰਲੱਭ ਡਾਕ ਟਿਕਟਾਂ ਦੀ ਪ੍ਰਦਰਸ਼ਨੀ ਸਮੇਤ ਫ਼ੌਜ, ਆਈ.ਟੀ.ਬੀ.ਪੀ ਅਤੇ ਪੁਲਿਸ ਭਰਤੀ ਬਾਰੇ ਕਾਉਂਸਲਿੰਗ ਅਤੇ ਫ਼ੂਡ ਕੋਰਟ ਵੀ ਸਥਾਪਤ ਕੀਤੇ ਜਾਣਗੇ।
ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ 16 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਅਰੰਭੇ ਯਤਨਾਂ ਤਹਿਤ ਪੰਜਾਬ ਵਾਸੀਆਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਸਾਡੇ ਅਮੀਰ ਵਿਰਸੇ ਤੇ ਮਿਲਟਰੀ ਦੇ ਜੰਗਜੂ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਇਹ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪਟਿਆਲਾ ਵਾਸੀਆਂ ਨੂੰ ਇਸ ਮੇਲੇ ਦੌਰਾਨ ਹੁੰਮ-ਹੁੰਮਾ ਕੇ ਪੁੱਜਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਇਸ ਫੈਸਟੀਵਲ ਵਿੱਚ ਦਾਖਲਾ ਫ਼੍ਰੀ ਹੈ।
********