Patiala News: 2 ਅਕਤੂਬਰ ਨੂੰ ਗਾਂਧੀ ਜੈਯੰਤੀ ਮੌਕੇ ਥਾਪਰ ਯੂਨੀਵਰਸਿਟੀ ਵਿਖੇ ਮਨਾਇਆ ਜਾਵੇਗਾ ਸਵੱਛ ਭਾਰਤ ਦਿਵਸ
– ਸਵੱਛ ਭਾਰਤ ਦਿਵਸ ਮਨਾਉਣ ਲਈ ਤਿਆਰੀਆਂ ਬਾਰੇ ਏ.ਡੀ.ਸੀ.ਦੀ ਪ੍ਰਧਾਨਗੀ ਹੇਠ ਹੋਈ ਬੈਠਕ
ਪਟਿਆਲਾ 20 ਸਤੰਬਰ (ਵਿਸ਼ਵ ਵਾਰਤਾ):- ਪਟਿਆਲਾ ਵਿਖੇ ਜ਼ਿਲ੍ਹਾ ਪੱਧਰੀ ਸਵੱਛ ਭਾਰਤ ਦਿਵਸ ਮਨਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਇਕ ਬੈਠਕ ਹੋਈ । ਇਸ ਬੈਠਕ ਵਿੱਚ ਸਵੱਛਤਾ ਹੀ ਸੇਵਾ ਦੇ ਚੱਲ ਰਹੇ ਪੰਦਰਵਾੜੇ ਦੀ ਸਮੀਖਿਆ ਵੀ ਕੀਤੀ ਗਈ । ਏ.ਡੀ.ਸੀ. (ਸ਼ਹਿਰੀ ਵਿਕਾਸ) ਨੇ ਦੱਸਿਆ ਕਿ 2 ਅਕਤੂਬਰ ਨੂੰ ਗਾਂਧੀ ਜੈਯੰਤੀ ਮੌਕੇ ਸਵੱਛ ਭਾਰਤ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਦੀ ਅਗਵਾਈ ਹੇਠ ਥਾਪਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਨਗਰ ਨਿਗਮ ਨਾਲ ਮਿਲ ਕੇ ਮਨਾਇਆ ਜਾ ਰਿਹਾ ਹੈ ।
ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਸਵੱਛ ਭਾਰਤ ਦਿਵਸ ਦੇ ਇਸ ਸਮਾਗਮ ਦੌਰਾਨ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸਵੱਛ ਭਾਰਤ ਬਾਰੇ ਪੀ.ਪੀ.ਟੀ.,ਸਕੂਲੀ ਵਿਦਿਆਰਥੀਆਂ ਦੇ ਚਾਰਟ ਤੇ ਪੋਸਟਰ ਬਨਾਉਣ ਦੇ ਮੁਕਾਬਲਿਆਂ ਸਮੇਤ ਸਵੱਛਤਾ ਸਬੰਧੀ ਮੋਡਲ , ਮਹਿੰਦੀ ਤੇ ਰੰਗੋਲੀ ਆਦਿ ਦੇ ਸਟਾਲਜ਼ ਲੱਗਣਗੇ । ਇਸ ਤੋਂ ਬਿਨਾਂ ਸਵੱਛਤਾ ਹੀ ਸੇਵਾ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਪਲਾਂਟਰਜ਼, ਪ੍ਰਸੰਸ਼ਾ ਪੱਤਰ ਤੇ ਜੂਟ ਬੈਗ ਵੀ ਵੰਡੇ ਜਾਣਗੇ । ਉਹਨਾਂ ਦੱਸਿਆ ਕਿ ਸਰਕਾਰੀ ਮਹਿੰਦਰਾ ਕਾਲਜ ਵੱਲੋਂ ਸਵੱਛਤਾ ਹੀ ਸੇਵਾ ਸਬੰਧੀ ਨੁੱਕੜ ਨਾਟਕ ਵੀ ਖੇਡਿਆ ਜਾਵੇਗਾ ।
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਨੇ ਕਿਹਾ ਕਿ ਸਵੱਛਤਾ ਹੀ ਸੇਵਾ ਸਬੰਧੀ ਮਨਾਏ ਜਾ ਰਹੇ ਸਮਾਗਮ ਵਿੱਚ ਨਗਰ ਨਿਗਮ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ । ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਪੂਰਾ ਸਹਿਯੋਗ ਦੇਣ ਦਾ ਪ੍ਰਗਟਾਵਾ ਕੀਤਾ ਗਿਆ । ਇਸ ਮੌਕੇ ਨਗਰ ਨਿਗਮ ਦੇ ਆਈ.ਈ.ਸੀ.ਐਕਸਪਰਟ ਅਮਨਦੀਪ ਸੇਖੋਂ ਸਮੇਤ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਾਜਰ ਸਨ ।