Paris Olympics 2024 : ਜਰਮਨੀ ਨੇ ਤੋੜਿਆ ਭਾਰਤ ਦਾ ਗੋਲਡ ਜਿੱਤਣ ਦਾ ਸੁਪਨਾ ; ਹੁਣ ਕਾਂਸੀ ਲਈ ਸਪੇਨ ਨਾਲ ਮੁਕਾਬਲਾ
ਨਵੀਂ ਦਿੱਲੀ, 7ਅਗਸਤ (ਵਿਸ਼ਵ ਵਾਰਤਾ): ਪੈਰਿਸ ਓਲੰਪਿਕ 2024 ਹਾਕੀ ਦੇ ਸੈਮੀਫਾਈਨਲ ਮੈਚ ਵਿੱਚ ਜਰਮਨੀ ਨੇ ਆਖਰੀ 6 ਮਿੰਟਾਂ ਵਿੱਚ ਗੋਲ ਕਰਕੇ ਭਾਰਤ ਦਾ ਸੋਨੇ ਦਾ ਸੁਪਨਾ 2-3 ਨਾਲ ਤੋੜ ਦਿੱਤਾ ਹੈ। ਭਾਰਤੀ ਹਾਕੀ ਟੀਮ ਦਾ 44 ਸਾਲਾਂ ਬਾਅਦ ਓਲੰਪਿਕ ‘ਚ ਸੋਨ ਤਮਗਾ ਜਿੱਤਣ ਦਾ ਸੁਪਨਾ ਜਰਮਨੀ ਦੇ ਹੱਥੋਂ ਸੈਮੀਫਾਈਨਲ ‘ਚ ਖਤਮ ਹੋ ਗਿਆ। ਹੁਣ ਤੱਕ ਅਜਿੱਤ ਨਜ਼ਰ ਆ ਰਹੀ ਭਾਰਤੀ ਟੀਮ ਦੇ ਡਿਫੈਂਸ ‘ਚ ਜਰਮਨੀ ਦੀ ਟੀਮ ਨੇ ਚਲਾਕੀ ਨਾਲ ਸੇਂਧ ਮਾਰਕੇ ਬੜੀ ਚਲਾਕੀ ਨਾਲ ਜਿੱਤ ਪ੍ਰਾਪਤ ਕਰਕੇ ਲੱਖਾਂ ਭਾਰਤੀਆਂ ਦੇ ਦਿਲ ਤੋੜ ਦਿੱਤੇ। ਟੋਕੀਓ ਓਲੰਪਿਕ ‘ਚ ਕਾਂਸੀ ਦੇ ਤਗਮੇ ਦੇ ਮੁਕਾਬਲੇ ‘ਚ ਜਰਮਨੀ ਨੂੰ ਹਰਾਉਣ ਵਾਲੀ ਭਾਰਤੀ ਟੀਮ ਹੁਣ ਕਾਂਸੀ ਦੇ ਤਮਗੇ ਲਈ 8 ਅਗਸਤ ਨੂੰ ਸਪੇਨ ਨਾਲ ਭਿੜੇਗੀ। ਫਾਈਨਲ ਜਰਮਨੀ ਅਤੇ ਨੀਦਰਲੈਂਡ ਵਿਚਾਲੇ ਹੋਵੇਗਾ। ਪਹਿਲੇ ਕੁਆਰਟਰ ਵਿੱਚ ਬੜ੍ਹਤ ਲੈਣ ਦੇ ਬਾਵਜੂਦ ਭਾਰਤੀ ਟੀਮ ਗਤੀ ਬਰਕਰਾਰ ਨਹੀਂ ਰੱਖ ਸਕੀ। ਡਿਫੈਂਸ ਬਿਖਰ ਗਿਆ, ਫਾਰਵਰਡ ਲਾਈਨ ਦਬਾਅ ‘ਚ ਨਜ਼ਰ ਆਈ ਜਦਕਿ ਮਿਡਫੀਲਡ ‘ਚ ਵੀ ਕਈ ਗਲਤੀਆਂ ਹੋਈਆਂ। ਭਾਰਤ ਨੂੰ ਆਪਣੇ ਤਜਰਬੇਕਾਰ ਪਹਿਲੇ ਰਸ਼ਰ ਅਮਿਤ ਰੋਹੀਦਾਸ ਦੀ ਕਮੀ ਮਹਿਸੂਸ ਹੋਈ। ਜੋ ਬ੍ਰਿਟੇਨ ਦੇ ਖਿਲਾਫ ਕੁਆਰਟਰ ਫਾਈਨਲ ਵਿੱਚ ਮਿਲੇ ਲਾਲ ਕਾਰਡ ਕਾਰਨ ਇੱਕ ਮੈਚ ਦੀ ਪਾਬੰਦੀ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ ਸੱਤਵੇਂ ਮਿੰਟ ਅਤੇ ਸੁਖਜੀਤ ਸਿੰਘ ਨੇ 36ਵੇਂ ਮਿੰਟ ਵਿੱਚ ਗੋਲ ਕੀਤੇ ਜਦਕਿ ਜਰਮਨੀ ਲਈ ਗੋਂਜ਼ਾਲੋ ਪਾਇਟ ਨੇ 18ਵੇਂ ਮਿੰਟ, ਕ੍ਰਿਸਟੋਫਰ ਰੁਹਰ ਨੇ 27ਵੇਂ ਮਿੰਟ ਅਤੇ ਮਾਰਕੋ ਮਿਲਟਕਾਉ ਨੇ 54ਵੇਂ ਮਿੰਟ ਵਿੱਚ ਗੋਲ ਕੀਤੇ। ਅੱਠ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੇ ਆਖਰੀ ਵਾਰ 1980 ਵਿੱਚ ਮਾਸਕੋ ਵਿੱਚ ਓਲੰਪਿਕ ਸੋਨ ਅਤੇ 1960 ਵਿੱਚ ਰੋਮ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਭਾਰਤ ਨੂੰ ਮੈਚ ਵਿੱਚ 12 ਪੈਨਲਟੀ ਕਾਰਨਰ ਮਿਲੇ ਪਰ ਦੋ ਨੂੰ ਹੀ ਗੋਲ ਵਿੱਚ ਬਦਲ ਸਕਿਆ।