Paris Olympics : ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਕੁਆਰਟਰ ਫਾਈਨਲ ਵਿੱਚ ਪਹੁੰਚੀ ; ਤਗ਼ਮੇ ਤੋਂ ਇੱਕ ਜਿੱਤ ਦੂਰ
ਨਵੀਂ ਦਿੱਲੀ 1ਅਗਸਤ (ਵਿਸ਼ਵ ਵਾਰਤਾ)Paris Olympics: ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਬੁੱਧਵਾਰ ਨੂੰ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਉਸ ਨੇ 75 ਕਿਲੋਗ੍ਰਾਮ ਭਾਰ ਵਰਗ ਦੇ ਰਾਊਂਡ ਆਫ 16 ਦੇ ਮੈਚ ‘ਚ ਨਾਰਵੇ ਦੇ ਮੁੱਕੇਬਾਜ਼ ‘ਤੇ ਇਕਤਰਫਾ ਜਿੱਤ ਦਰਜ ਕੀਤੀ। ਲਵਲੀਨਾ ਨੇ ਨਾਰਵੇ ਦੇ ਮੁੱਕੇਬਾਜ਼ ਸੁਨੀਵਾ ਹੋਫਸਟੈਡ ਦੇ ਖਿਲਾਫ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਦੌਰ ਵਿੱਚ ਜਿੱਤ ਦਰਜ ਕੀਤੀ। ਬੋਰਗੋਹੇਨ ਨੇ ਪਹਿਲੇ ਦੌਰ ਤੋਂ ਹੀ ਹਮਲਾਵਰ ਸ਼ੁਰੂਆਤ ਕੀਤੀ। ਉਸ ਨੇ ਸਨੀਵਾ ਹੋਫਸਟੇਡ ‘ਤੇ ਮੁੱਕਿਆਂ ਦੀ ਬਰਸਾਤ ਕੀਤੀ। ਜਿਵੇਂ ਉਮੀਦ ਸੀ, ਨਤੀਜਾ ਲਵਲੀਨਾ ਦੇ ਹੱਕ ਵਿੱਚ ਰਿਹਾ। ਉਸ ਨੇ ਪਹਿਲਾ ਦੌਰ 5-0 ਨਾਲ ਜਿੱਤ ਲਿਆ। ਪਹਿਲੇ ਦੌਰ ਦੀ ਤਰ੍ਹਾਂ ਦੂਜੇ ਦੌਰ ‘ਚ ਵੀ ਲਵਲੀਨਾ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਸ ਨੇ ਦੂਜਾ ਦੌਰ ਵੀ ਆਸਾਨੀ ਨਾਲ ਜਿੱਤ ਲਿਆ ਹੈ। ਇਸ ਦੌਰ ਵਿੱਚ ਵੀ ਸਕੋਰ 5-0 ਰਿਹਾ। ਸਨੀਵਾ ਹੋਫਸਟੇਡ ਬੋਰਗੋਹੇਨ ਦੇ ਖਿਲਾਫ ਨਹੀਂ ਚੱਲ ਸਕੀ। ਪਹਿਲੇ ਅਤੇ ਦੂਜੇ ਰਾਊਂਡ ਦੀ ਤਰ੍ਹਾਂ ਭਾਰਤੀ ਮੁੱਕੇਬਾਜ਼ ਨੇ ਤੀਜਾ ਰਾਊਂਡ ਵੀ ਜਿੱਤ ਲਿਆ। ਲਵਲੀਨਾ ਬੋਰਗੋਹੇਨ ਹੁਣ ਕੁਆਰਟਰ ਫਾਈਨਲ ਵਿੱਚ ਚੀਨੀ ਮੁੱਕੇਬਾਜ਼ ਲੀ ਕਿਆਨ ਨਾਲ ਭਿੜੇਗੀ। ਹੁਣ ਲਵਲੀਨਾ ਦੀ ਦੂਜੀ ਜਿੱਤ ਭਾਰਤ ਲਈ ਤਮਗਾ ਯਕੀਨੀ ਬਣਾਵੇਗੀ, ਸੰਭਾਵਤ ਤੌਰ ‘ਤੇ ਉਸਦਾ ਦੂਜਾ ਓਲੰਪਿਕ ਤਮਗਾ ਹੋਵੇਗਾ , ਜਿਸ ਨੇ ਪਹਿਲਾਂ ਟੋਕੀਓ 2020 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਜ਼ਿਕਰਯੋਗ ਹੈ ਕਿ ਲਵਲੀਨਾ ਬੋਰਗੋਹੇਨ ਨੇ ਟੋਕੀਓ 2020 ਵਿੱਚ ਵੈਲਟਰਵੇਟ ਵਰਗ (69 ਕਿਲੋ) ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਦੇ ਨਾਲ, ਉਹ ਬੀਜਿੰਗ 2008 ਵਿੱਚ ਵਿਜੇਂਦਰ ਸਿੰਘ ਅਤੇ ਲੰਡਨ 2012 ਵਿੱਚ ਮੈਰੀਕਾਮ ਤੋਂ ਬਾਅਦ ਓਲੰਪਿਕ ਤਮਗਾ ਜਿੱਤਣ ਵਾਲੀ ਤੀਜੀ ਭਾਰਤੀ ਮੁੱਕੇਬਾਜ਼ ਬਣ ਗਈ ਸੀ । ਏਸ਼ੀਅਨ ਚੈਂਪੀਅਨਸ਼ਿਪ 2022 ਵਿੱਚ, ਬੋਰਗੋਹੇਨ ਨੇ ਮਿਡਲਵੇਟ (75 ਕਿਲੋਗ੍ਰਾਮ) ਵਰਗ ਵਿੱਚ ਮੁਕਾਬਲਾ ਕੀਤਾ ਅਤੇ ਸੋਨ ਤਗਮਾ ਜਿੱਤਿਆ ਸੀ । ਲਵਲੀਨਾ ਨੇ 2023 ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਦਾਖਲ ਹੋ ਕੇ ਓਲੰਪਿਕ ਕੋਟਾ ਹਾਸਲ ਕੀਤਾ, ਜਿੱਥੇ ਉਸਨੇ ਚਾਂਦੀ ਦਾ ਤਗਮਾ ਜਿੱਤਿਆ।