Panchayat elections : ਸਰਪੰਚੀ ਲਈ ਕਰੋੜਾਂ ਦੀ ਬੋਲੀ ਦਾ ਮਾਮਲਾ ; ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਅੱਜ
ਚੰਡੀਗੜ੍ਹ, 3ਅਕਤੂਬਰ(ਵਿਸ਼ਵ ਵਾਰਤਾ) Panchayat elections- ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਸਿਖ਼ਰਾਂ ਤੇ ਹੈ। ਕਈ ਥਾਵਾਂ ਤੇ ਸਰਪੰਚੀ ਲਈ ਬੋਲੀਆਂ ਵੀ ਲੱਗ ਰਹੀਆਂ ਹਨ। ਇਸ ਸਭ ਦੇ ਚਲਦਿਆਂ ਹੀ ਸਰਪੰਚੀ ਦੇ ਲਈ ਲਗਾਤਾਰ ਲੱਗ ਰਹੀ ਕਰੋੜਾਂ ਰੁਪਏ ਦੀ ਬੋਲੀ ਦਾ ਮਾਮਲਾ, ਹੁਣ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਚੁੱਕਾ ਹੈ। ਜਿੱਥੇ ਅੱਜ ਇਸ ਮਾਮਲੇ ਤੇ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਡੇਰਾ ਬਾਬਾ ਨਾਨਕ ‘ਚ ਪਿੰਡ ਹਰਦੋਵਾਲ ਕਲਾਂ ‘ਚ ਇੱਕ ਵਿਅਕਤੀ ਵੱਲੋਂ ਸਰਪੰਚੀ ਦੇ ਲਈ ਦੋ ਕਰੋੜ ਰੁਪਏ ਦੀ ਬੋਲੀ ਲਗਾਈ ਗਈ ਸੀ। ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ।
ਇਸ ਮਾਮਲੇ ਨੂੰ ਲੈ ਕੇ ਇੱਕ ਐਡਵੋਕੇਟ ਦੇ ਵੱਲੋਂ ਪਟੀਸ਼ਨ ਪਾ ਕੇ ਇਸ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਐਡਵੋਕੇਟ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਜੋ ਖੁੱਲ੍ਹੇ ਆਮ ਸਰਪੰਚੀ ਲਈ ਬੋਲੀ ਲਗਾਈ ਜਾ ਰਹੀ ਹੈ, ਉਹ ਗੈਰ ਸੰਵਿਧਾਨਕ ਹੈ। ਇਹ ਸੰਵਿਧਾਨ ਦੇ ਉਲਟ ਹੈ। ਐਡਵੋਕੇਟ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਕਰੋੜਾਂ ਰੁਪਏ ਦੀ ਬੋਲੀ ਲਗਾਉਣ ਵਾਲਾ ਬੰਦਾ ਵੱਖ-ਵੱਖ ਚੈਨਲਾਂ ‘ਤੇ ਇੰਟਰਵਿਊ ਦੇ ਰਿਹਾ ਹੈ। ਉਸਦੇ ਨਾਲ ਇੱਕ ਗਲਤ ਮੈਸੇਜ ਸਮਾਜ ਦੇ ਵਿੱਚ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਲੋਕਤੰਤਰ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ, ਇਹ ਡਰਾ ਕੇ ਰੱਖ ਦੇਣ ਵਾਲਾ ਹੈ। ਸੰਵਿਧਾਨ ਦੇ ਵਿੱਚ ਕਿਤੇ ਵੀ ਅਜਿਹਾ ਨਹੀਂ ਲਿਖਿਆ ਹੋਇਆ ਕਿ ਜਿਸ ਦੇ ਕੋਲ ਵੱਧ ਪੈਸੇ ਹਨ, ਉਹੀ ਸਰਪੰਚ ਲੱਗ ਸਕਦਾ ਹੈ।