Panchayat Elections : ਚਿੰਤਕ ਸਮਾਜਸੇਵੀ ਬਜ਼ੁਰਗਾਂ ਵੱਲੋਂ ਨੌਜਵਾਨਾਂ ਅਤੇ ਔਰਤਾਂ ਨੂੰ ਅਗਵਾਈ ਕਰਨ ਦੀ ਅਪੀਲ
ਚੰਡੀਗੜ੍ਹ, 9ਅਗਸਤ(ਵਿਸ਼ਵ ਵਾਰਤਾ)Panchayat Elections -ਉੱਘੇ ਸਮਾਜਸੇਵੀ ਚਿੰਤਕ ਬਜ਼ੁਰਗ ਨਾਗਰਿਕਾਂ ਨੇ ਦਹਾਕਿਆਂ ਤੋਂ ਸੱਤਾ ਵਿੱਚ ਭ੍ਰਿਸ਼ਟ ਅਤੇ ਅਯੋਗ ਨੇਤਾਵਾਂ ਦੇ ਬਦਲ ਵਜੋਂ, “ਸਮਾਜ ਲਈ ਭਰੋਸੇਮੰਦ ਨਵੀਂ ਲੀਡਰਸ਼ਿਪ” ਉਭਾਰਨ ਲਈ, ਪੜ੍ਹੇਲਿਖੇ ਗੱਭਰੂਆਂ ਅਤੇ ਔਰਤਾਂ ਨੂੰ, ਪੰਚਾਇਤੀ ਚੋਣਾਂ ਵਿਚ ਅੱਗੇ ਆਉਣ ਦੀ ਅਪੀਲ ਕੀਤੀ ਹੈ। ਪੰਜਾਬੀ ਫਿਲਮਾਂ ਦੀ ਮਾਂ ਵਰਗੀ ਸਖਸ਼ੀਅਤ, ਪਦਮਸ਼੍ਰੀ ਅਦਾਕਾਰਾ ਨਿਰਮਲ ਰਿਸ਼ੀ, ਨੈਸ਼ਨਲ ਅਵਾਰਡੀ ਸਰਪੰਚ ਸੈਸ਼ਨਦੀਪ ਕੌਰ ਸਿੱਧੂ, ਹਾਈਕੋਰਟ ਐਡਵੋਕੇਟ ਅਮਰਪ੍ਰੀਤ ਕੌਰ ਸੰਧੂ ਨੇ ਨੌਜਵਾਨਾਂ ਅਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਪੰਚਾਇਤੀ ਚੋਣਾਂ ਦੌਰਾਨ ਇੱਕਜੁੱਟ ਹੋ ਕੇ ਸਮਾਜ ਦੀ ਅਗਵਾਈ ਕਰਨ ਤਾਂ ਜੋ “ਪੰਜਾਬ” ਨੂੰ ਹੋਰ ਨਿਘਾਰ ਤੋਂ ਬਚਾਇਆ ਜਾ ਸਕੇ।
ਪੰਜਾਬੀ ਸਿਨੇਮਾ ਦੀ ਹਰਮਨ ਪਿਆਰੀ ਪ੍ਰਸਿਧ ਅਦਾਕਾਰਾ, ਨਿਰਮਲ ਰਿਸ਼ੀ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ “ਲੋਕ-ਏਕਤਾ” ਪਲੇਟਫਾਰਮ ਤੋਂ ਮੀਡੀਆ ਨਾਲ ਗੱਲਬਾਤ ਕਰ ਰਹੀ ਸੀ। ਰੋਡਮੈਪ ਦਿੰਦੇ ਹੋਏ, ਉਹਨਾਂ ਨੇ ਪੰਜਾਬੀ ਮਾਵਾਂ, ਧੀਆ, ਭੈਣਾਂ ਅਤੇ ਗਭਰੂਆਂ ਨੂੰ ਅਪੀਲ ਕੀਤੀ ਕਿ ਉਹ ਅਗਲੇ ਮਹੀਨੇ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੌਰਾਨ ਨਿਰਪੱਖ ਅਤੇ ਪੜ੍ਹੇ-ਲਿਖੇ ਪੰਚ/ਸਰਪੰਚਾਂ ਨੂੰ ਸਰਬਸੰਮਤੀ ਨਾਲ ਮੈਰਿਟ ਦੇ ਆਧਾਰ ‘ਤੇ ਚੁਣ ਕੇ “ਨਸਲਾਂ-ਫ਼ਸਲਾਂ-ਪੰਜਾਬ ਬਚਾਉਣ” ਦਾ ਸੁਨਹਿਰੀ ਮੌਕਾ ਨਾ ਗੁਆਉਣ।
“ਲੋਕ ਏਕਤਾ ਮਿਸ਼ਨ” ‘ਲੋਕ-ਰਾਜ’ ਪੰਜਾਬ ਦੀ ਅਗਵਾਈ ਵਿੱਚ ਉੱਭਰ ਰਹੀ ਇੱਕ ਜਨਤਕ ਲੋਕ ਲਹਿਰ ਹੈ। ਜਿਸ ਨੂੰ ਵੱਕਾਰੀ ਜਨਤਕ ਜਜ਼ਬੇ ਵਾਲੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਵੱਲੋਂ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਅਤੇ ਹਰਿਆਣਾ ਉਹ ਕੋਟ ਦੇ ਸਾਬਕਾ ਜਸਟਿਸ ਰਣਜੀਤ ਸਿੰਘ ਰੰਧਾਵਾ ਅਨੁਸਾਰ ਸਿਆਸੀ ਧੜੇਬੰਦੀ ਗ੍ਰਸਤ ਪੱਖਪਾਤੀ ਪੰਚਾਇਤਾਂ ਬਣਨ ਕਰਕੇ ਸਮੇਂ ਸਿਰ ਨਿਆਂ ਦੇਣ ਨੂੰ ਵੱਡਾ ਧੱਕਾ ਲੱਗਾ ਹੈ ਅਤੇ ਨਿਆਂ ਪ੍ਰਣਾਲੀ ਤੇ ਨਾ ਸੰਭਾਲਣਯੋਗ ਬੇਲੋੜਾ ਭਾਰ ਪਿਆ ਹੈ। ਉਹਨਾਂ ਕਿਹਾ ਕੇ ਧੜੇਬੰਦੀ ਮੁਕਤ ਸਰਵਸਾਂਝੀਆਂ ਪੰਚਾਇਤਾਂ ਬਣਨ ਅਤੇ “ਪੰਚਾਇਤੀ ਨਿਆਂ ਮੁੜ ਸੁਰਜੀਤ” ਹੋਣ ਨਾਲ, ਨਿਆਂ ਪ੍ਰਣਾਲੀ ਦਾ ਬੇਲੋੜਾ ਭਾਰ ਘਟੇਗਾ ਅਤੇ ਲਈ “ਸਮੇਂ ਸਿਰ ਨਿਆਂ” ਦੇ ਸਕਣਾ ਸੰਭਵ ਹੋ ਸਕੇਗਾ। ‘ਲੋਕ ਏਕਤਾ ਮਿਸ਼ਨ’ ਨੇ ਕਿਹਾ ਕਿ, “ਸਿਆਸੀ ਧੜੇਬੰਦੀ ਨੇ ਪੇਂਡੂ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਕੇ ਤਬਾਹੀ ਮਚਾਈ ਹੈ।” ਪਦਮਸ਼੍ਰੀ ਸ ਸਵਰਨ ਸਿੰਘ ਬੋਪਾਰਾਏ ਨੇ ਕਿਹਾ ਕਿ, “ਬਸਤੀਵਾਦੀ ਬ੍ਰਿਟਿਸ਼-ਰਾਜ” ਤੋਂ ਮਿਲੀ “ਪਾੜੋ ਅਤੇ ਰਾਜ ਕਰੋ” ਦੀ ਘਿਨਾਉਣੀ ਨੀਤੀ ਨਾਲ, ਬੇਈਮਾਨ ਸਿਆਸੀ ਪਾਰਟੀਆਂ ਨੇ ਆਪਣੇ ਸਵਾਰਥ ਲਈ, ਪੇਂਡੂ ਜੀਵਨ ਦੀ ਸਦੀਆਂ ਪੁਰਾਣੀ ਮਿਸਾਲੀ ਸ਼ਾਂਤੀ, ਸਦਭਾਵਨਾ ਅਤੇ ਸਿਹਤ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ।
“ਲੋਕ ਏਕਤਾ ਮਿਸ਼ਨ” ਦੇ ਕਨਵੀਨਰ ਡਾ ਮਨਜੀਤ ਸਿੰਘ ਰੰਧਾਵਾ ਨੇ ਕਿਹਾ ਕਿ, ਸੱਤ ਦਹਾਕਿਆਂ ਤੋਂ ਪਿੰਡਾਂ ਵਿੱਚ ਦੋ ਪਾਰਟੀਆਂ ਦੀ ਧੜੇਬੰਦੀ ਨੇ ਹੀ ਸਾਰੇ ਪਿੰਡਾਂ ਨੂੰ, “ਰਾਜੇ ਤੋਂ ਮੰਗਤੇ” ਬਣਾ ਛੱਡਿਆ ਸੀ। ਹੁਣ ਤਾਂ ਚਾਰ ਸਿਆਸੀ ਪਾਰਟੀਆਂ ਦੀ ਚਹੁੰਧਿਰੀ ਧੜੇਧੰਦੀ ਪੇਂਡੂ-ਪੰਜਾਬ ਨੂੰ ਅਪੰਗ ਬਣਾ ਦੇਵੇਗੀ ਅਤੇ ਘਾਤਕ ਸਾਬਤ ਹੋਵੇਗੀ। ਜਿਸ ਮਾਰੂ ਧੜੇਬੰਦੀ ਤੋਂ ਪਿੰਡਾਂ ਨੂੰ ਬਚਾਉਣਾ ਸਮੇ ਦੀ ਪ੍ਰਮੁੱਖ ਲੋੜ ਹੈ।
ਥੋੜੇ ਸਮੇਂ ਵਿੱਚ ਹੀ, ਭਗਤ ਪੂਰਨ ਸਿੰਘ ਪਿੰਗਲਵਾੜਾ ਸੁਸਾਇਟੀ ਦੀ ਚੇਅਰਪਰਸਨ ਪਦਮਸ਼੍ਰੀ ਡਾ: ਇੰਦਰਜੀਤ ਕੌਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਰਣਜੀਤ ਸਿੰਘ ਰੰਧਾਵਾ, ਸਾਬਕਾ ਕੇਂਦਰੀ ਸਕੱਤਰ ਅਤੇ ਕਿਰਤੀ ਕਿਸਾਨ ਫੋਰਮ ਦੇ ਚੇਅਰਮੈਨ ਪਦਮਸ਼੍ਰੀ ਸ: ਸਵਰਨ ਸਿੰਘ ਬੋਪਾਰਾਏ ਅਤੇ ਹੁਣ ਪੰਜਾਬੀ ਸਭਿਆਚਾਰ ਦੀ ਪਛਾਣ ਮੰਨੀ ਜਾਂਦੀ, ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਹਸਤੀ ਪਦਮਸ਼੍ਰੀ ਨਿਰਮਲ ਰਿਸ਼ੀ ਇਸ ਉੱਭਰ ਰਹੀ ਲੋਕ-ਲਹਿਰ ਨੂੰ ਆਪਣੀ ਹਮਾਇਤ ਦਾ ਐਲਾਨ ਕਰ ਚੁੱਕੇ ਹਨ। ਸਭਿਅਚਾਰ ਤੇ ਵਿਰਸਾ ਸੰਭਾਲ ਮੰਚ ਦੇ ਪ੍ਰਧਾਨ ਐਡਵੋਕੇਟ ਗੁਰਸਿਮਰਤ ਸਿੰਘ ਰੰਧਾਵਾ ਨੇ ਕਿਹਾ ਕੇ ਕਿਸੇ ਵੀ ਸਭਿਅਤਾ ਨੂੰ ਜੀਊਂਦੇ ਰੱਖਣ ਲਈ ਪੰਜ ਲੋੜਾਂ; ਧਰਤੀ, ਪਾਣੀ, ਬੋਲੀ, ਸਭਿਆਚਾਰ ਅਤੇ ਵਿਰਸਾ ਲਾਜ਼ਮੀ ਹੁੰਦੀਆਂ ਹਨ। ਪਰ ਪੰਜਾਬੀ ਸਭਿਅਤਾ ਦੀਆਂ ਇਹ ਪੰਜੋ ਹੀ ਸਮੇਂ ਦੇ ਸਭ ਤੋਂ ਗੰਭੀਰ ਖ਼ਤਰੇ ਵਿੱਚ ਹਨ। ਜਿਹਨਾਂ ਨੂੰ ਬਚਾਉਣਾ ਸਭ ਦਾ ਮੁਢਲਾ ਫਰਜ਼ ਹੈ।
*ਪਦਮਸ਼੍ਰੀ ਨਿਰਮਲ ਰਿਸ਼ੀ
ਪੰਜਾਬੀ ਸਿਨੇਮਾ
*ਪਦਮਸ਼੍ਰੀ ਕੀਰਤੀਚੱਕਰ ਸ ਸਵਰਨ ਸਿੰਘ ਬੋਪਾਰਾਏ
ਚੇਅਰਮੈਨ ਕਿਰਤੀ ਕਿਸਾਨ ਫ਼ੋਰਮ
*ਡਾ. ਮਨਜੀਤ ਸਿੰਘ ਰੰਧਾਵਾ
ਪ੍ਰਧਾਨ ‘ਲੋਕ-ਰਾਜ’ ਪੰਜਾਬ,
“ਲੋਕ ਏਕਤਾ ਮਿਸ਼ਨ” ਦੇ ਕਨਵੀਨਰ