PUNJAB ਸਰਕਾਰ ਦੇ ਔਨਲਾਈਨ ਐਨ.ਆਰ.ਆਈ ਮਿਲਣੀ ਪ੍ਰੋਗਰਾਮ ਵਿੱਚ ਪ੍ਰਵਾਸੀ ਪੰਜਾਬੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ: ਮੰਤਰੀ ਕੁਲਦੀਪ ਸਿੰਘ ਧਾਲੀਵਾਲ
ਚੰਡੀਗੜ 10 ਫਰਵਰੀ 2025 (ਵਿਸ਼ਵ ਵਾਰਤਾ):- PUNJAB ਸਰਕਾਰ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਨਲਾਈਨ ਐਨ.ਆਰ.ਆਈ. ਮਿਲਣੀ ਪ੍ਰੋਗਰਾਮ ਸ਼ੁਰੂ ਕੀਤੇ ਹਨ ਤਾਂ ਜੋ ਉਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ। ਇਹ ਐਨ.ਆਰ.ਆਈ. ਮਿਲਣੀ ਹਰ ਮਹੀਨੇ ਕਰਵਾਏ ਜਾ ਰਹੇ ਹਨ। ਐਨ.ਆਰ.ਆਈ. ਮਾਮਲਿਆਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਨਿੱਜੀ ਤੌਰ ‘ਤੇ ਆਨਲਾਈਨ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਸੁਣੀਆਂ। ਫਿਰ ਤੁਰੰਤ ਨਿਪਟਾਰੇ ਲਈ ਉਨਾਂ ਦੀਆਂ ਸ਼ਿਕਾਇਤਾਂ ਨੂੰ ਸਬੰਧਤ ਵਿਭਾਗਾਂ ਅਤੇ ਪੰਜਾਬ ਪੁਲਿਸ ਦੇ ਐਨ.ਆਰ.ਆਈ. ਵਿੰਗ ਦੇ ਏ.ਡੀ.ਜੀ.ਪੀ. ਨੂੰ ਭੇਜਿਆ ਜਾਂਦਾ ਹੈ। ਐਨ.ਆਰ.ਆਈ. ਮਿਲਣੀ- 2024 ਦੀ ਰਿਪੋਰਟ ਮੁਤਾਬਿਕ 309 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਅਤੇ ਇਨਾਂ ਵਿੱਚੋਂ 256 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਬਾਕੀ ਸ਼ਿਕਾਇਤਾਂ ਦੀ ਨਿਗਰਾਨੀ ਸਬੰਧਤ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀ. ਦੁਆਰਾ ਆਪਣੇ ਪੱਧਰ ‘ਤੇ ਸਾਂਝੇ ਤੌਰ ‘ਤੇ ਕੀਤੀ ਜਾ ਰਹੀ ਹੈ।
ਪ੍ਰਸ਼ਾਸਕੀ ਸੁਧਾਰਾਂ ਅਤੇ ਐਨ.ਆਰ.ਆਈ. ਮਾਮਲਿਆਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ “ਆਪਣੀਆਂ ਜੜਾਂ ਨਾਲ ਜੁੜੋ’’ ਯੋਜਨਾ ਪੰਜਾਬ ਦੇ ਵਿਕਾਸ ਵਿੱਚ ਪ੍ਰਵਾਸੀ ਭਾਰਤੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਵਿੱਚ ਉਨਾਂ ਦੀਆਂ ਜੜਾਂ ਹੋਰ ਪੱਕਿਆਂ ਕਰਨ ਲਈ ਸੁਰੂ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ, 16 ਤੋਂ 22 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਪੰਜਾਬ ਆਉਣ ਅਤੇ ਆਪਣੇ ਵਤਨ ਨਾਲ ਜੁੜਨ ਅਤੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਉਨਾਂ ਇਹ ਵੀ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਆਪੋ-ਆਪਣੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਯੋਗਦਾਨ ਪਾਉਣ ਲਈ ਵੀ ਪੇ੍ਰਰਿਆ ਜਾ ਰਿਹਾ ਹੈ। ਪ੍ਰਵਾਸੀ ਭਾਰਤੀ ਸਕੂਲ ਦੀਆਂ ਇਮਾਰਤਾਂ, ਜਨਤਕ ਸੇਵਾਵਾਂ, ਹਸਪਤਾਲ, ਲਾਇਬ੍ਰੇਰੀਆਂ, ਪੀਣ ਵਾਲਾ ਪਾਣੀ, ਸੀਵਰੇਜ, ਪਖਾਨੇ, ਸਟਰੀਟ ਲਾਈਟਾਂ, ਖੇਡ ਸਟੇਡੀਅਮ ਆਦਿ ਵਰਗੇ ਵੱਖ-ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਵਿਕਾਸ ਲਈ ਕੁੱਲ ਲਾਗਤ ਦਾ 50 ਫੀਸਦ ਯੋਗਦਾਨ ਪਾ ਸਕਦੇ ਹਨ ਅਤੇ ਬਾਕੀ 50 ਫੀਸਦ ਰਕਮ ਪੰਜਾਬ ਸਰਕਾਰ ਦੁਆਰਾ ਪਾਈ ਜਾਂਦੀ ਹੈ।