New Year 2025 : ਨਵੇਂ ਸਾਲ ਦੀ ਆਮਦ ‘ਤੇ
ਨਵਾਂ ਸਾਲ ੨੦੨੫ ਮੁਬਾਰਕ : ਗੁਰਭਜਨ ਗਿੱਲ
ਚੰਡੀਗੜ੍ਹ, 31ਦਸੰਬਰ(ਵਿਸ਼ਵ ਵਾਰਤਾ)
ਨਵੇਂ ਸਾਲ ਦਿਆ ਸੂਰਜਾ ਤੂੰ ਚੱਜ ਦਾ ਚੜ੍ਹੀਂ।
ਸਾਡੇ ਤਿੜਕੇ ਨਸੀਬਾਂ ਨੂੰ ਤੂੰ ਫਿਰ ਤੋਂ ਘੜੀਂ।
ਫੁੱਲਾਂ ਕਲੀਆਂ ‘ਚ ਰੰਗ ਨੌਜਵਾਨਾਂ ‘ਚ ਉਮੰਗ।
ਭਾਈਚਾਰੇ ਵਿਚ ਬਹਿਣ ਤੇ ਖਲੋਣ ਵਾਲਾ ਢੰਗ।
ਸਾਡੇ ਨੇਤਰਾਂ ‘ਚ ਏਹੋ ਜਿਹਾ ਚਾਨਣਾ ਭਰੀਂ।
ਜਿਹੜੇ ਘਰਾਂ ਵਿਚ ਹਾਲੇ ਤੱਕ ਨ੍ਹੇਰ ਦਾ ਪਸਾਰ।
ਉਨ੍ਹਾਂ ਵਿਹੜਿਆਂ ‘ਚ ਆਪਣੀਆਂ ਕਿਰਨਾਂ ਖਿਲਾਰ।
ਸਾਡੀ ਜ਼ਿੰਦਗੀ ‘ਚ ਧੁੱਪ ਵਾਲਾ ਰੰਗ ਤੂੰ ਭਰੀਂ।
ਸਾਡੇ ਪੈਰਾਂ ‘ਚ ਬਿਆਈਆਂ ਸਾਡੇ ਹੱਥਾਂ ਉੱਤੇ ਛਾਲੇ।
ਤੈਨੂੰ ਲੱਭਦੇ ਲਭਾਉਂਦਿਆਂ ਮੁਕਾਏ ਪੰਧ ਕਾਲੇ।
ਸਾਡੇ ਖੰਭਾਂ ਵਿਚ ਉੱਚੀਆਂ ਉਡਾਰੀਆਂ ਭਰੀਂ।
ਪਾਣੀ ਮੰਗਦੀ ਜ਼ਮੀਨ ਸਾਡੇ ਖੇਤ ਨੇ ਪਿਆਸੇ।
ਸੁੱਕੇ ਬੁੱਲ੍ਹਾਂ ਉਤੇ ਮੋੜ ਦੇਵੀਂ ਖੁਸ਼ੀਆਂ ਤੇ ਹਾਸੇ।
ਬਣ ਰਹਿਮਤਾਂ ਦਾ ਮੇਘਲਾ ਤੂੰ ਸਿਰ ਤੇ ਵਰ੍ਹੀਂ।
ਐਵੇਂ ਲਾਲ ਪੀਲਾ ਹੋ ਕੇ ਤੂੰ ਵੀ ਲਾਈ ਜਾਵੇਂ ਤਾਣ।
ਕਦੇ ਟੁੱਟਣਾ ਨਹੀਂ ਧਰਤੀ ਦੇ ਪੁੱਤਰਾਂ ਦਾ ਮਾਣ।
ਰਹਿਣ ਹੱਸਦੇ ਤੇ ਵੱਸਦੇ ਇਹ ਆਪਣੇ ਘਰੀਂ।
ਨਵੇਂ ਸਾਲ ਦਿਆ ਸੂਰਜਾ ਤੂੰ ਚੱਜ ਦਾ ਚੜ੍ਹੀਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/