ਕੌਣ ਹੈ ਦਿੱਲੀ ਦੀ ਮੁੱਖ ਮੰਤਰੀ ਬਣਨ ਜਾ ਰਹੀ ਆਤਿਸ਼ੀ ! ਕੀ ਹੈ ਉਸਦਾ ਸਿਆਸੀ ਸਫਰ
ਨਵੀਂ ਦਿੱਲੀ 17 ਸਤੰਬਰ ( ਵਿਸ਼ਵ ਵਾਰਤਾ): ਆਤਿਸ਼ੀ ਹੁਣ ਦਿੱਲੀ ਦੇ ਮੁੱਖ ਮੰਤਰੀ ਹੋਣਗੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਆਤਸ਼ੀ ਦਾ ਨਾਮ ਸੀਐਮ ਦੇ ਅਹੁਦੇ ਦੇ ਲਈ ਤਜਵੀਜ ਕੀਤਾ ਗਿਆ ਹੈ। ਜਿਆਦਾਤਰ ਵਿਧਾਇਕਾਂ ਨੇ ਆਤਿਸ਼ੀ ਦੇ ਨਾਮ ਤੇ ਸਹਿਮਤੀ ਜਤਾਈ ਹੈ। ਜਲਦ ਹੀ ਅਧਿਕਾਰਿਤ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਅਗਲੇ ਮੁੱਖ ਮੰਤਰੀ ਦੇ ਤੌਰ ਤੇ ਆਤਿਸ਼ੀ ਦੇ ਨਾਮ ਦਾ ਐਲਾਨ ਹੋਵੇਗਾ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਿਵਾਸ ਤੇ ਬੁਲਾਈ ਗਈ ਇਹ ਬੈਠਕ ਤਕਰੀਬਨ ਇੱਕ ਘੰਟੇ ਤੱਕ ਚੱਲੀ ਜਿਸ ਦੇ ਵਿੱਚ ਪੀਏਸੀ ਦੇ ਮੈਂਬਰ ਅਤੇ ਮੌਜੂਦਾ ਕੈਬਨਟ ਮੰਤਰੀ ਮੌਜੂਦ ਸਨ। ਸੁਪਰੀਮੋ ਕੇਜਰੀਵਾਲ ਨੇ ਇੱਕ ਇੱਕ ਕਰਕੇ ਸਾਰੇ ਆਗੂਆਂ ਦਾ ਫੀਡਬੈਕ ਲਿਆ ਅਤੇ ਮੁੱਖ ਮੰਤਰੀ ਦੇ ਬਾਰੇ ਉਹਨਾਂ ਦੀ ਰਾਏ ਪੁੱਛੀ। ਇਸ ਮੀਟਿੰਗ ਤੋਂ ਬਾਅਦ ਜਲਦ ਹੀ ਪਾਰਟੀ ਵੱਲੋਂ ਆਤਿਸ਼ੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ। ਜੇਕਰ ਆਤਿਸ਼ੀ ਦਿੱਲੀ ਦੀ ਮੁੱਖ ਮੰਤਰੀ ਬਣਦੀ ਹੈ ਤਾਂ ਉਹ ਦਿੱਲੀ ਰਾਜ ਦੀ ਦੂਸਰੀ ਮਹਿਲਾ ਮੁੱਖ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਸ਼ੀਲਾ ਦੀਕਸ਼ਿਤ ਵੀ ਦਿੱਲੀ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
ਕੌਣ ਹੈ ਦਿੱਲੀ ਦੀ ਮੁੱਖ ਮੰਤਰੀ ਬਣਨ ਵਾਲੀ ਆਤਿਸ਼ੀ
ਆਤਸ਼ੀ ਦਾ ਜਨਮ 8 ਜੂਨ 1981 ਨੂੰ ਦਿੱਲੀ ਵਿਖੇ ਹੀ ਹੋਇਆ ਸੀ। ਉਹ ਪੰਜਾਬੀ ਪਿਛੋਕੜ ਵਾਲੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹਨ। ਉਨਾਂ ਨੂੰ ਆਤਸ਼ੀ ਸਿੰਘ ਉਰਫ ਆਤਿਸ਼ੀ ਮਾਰਲੇਨਾ ਉਰਫ ਆਤਸ਼ੀ ਮਾਰਲੇਨਾ ਸਿੰਘ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਦਿੱਲੀ ਦੀ ਹੋਣ ਵਾਲੀ ਮੁੱਖ ਮੰਤਰੀ ਆਤਿਸ਼ੀ ਦਿੱਲੀ ਦੀ ਹੀ ਜੰਮਪਲ ਹੈ। ਉਹਨਾਂ ਦੇ ਪਿਤਾ ਵਿਜੇ ਕੁਮਾਰ ਦਿੱਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸਨ ਅਤੇ ਉਹਨਾਂ ਦੀ ਆਰੰਭਿਕ ਸਕੂਲੀ ਸਿੱਖਿਆ ਦਿੱਲੀ ਦੇ ਸਪਰਿੰਗ ਡੇਲ ਸਕੂਲ ਦੇ ਵਿੱਚ ਹੋਈ ਹੈ। ਸੈਂਟ ਸਟੀਫਨ ਕਾਲਜ ਦੇ ਵਿੱਚੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਹਾਸਿਲ ਕੀਤੀ ਹੈ। ਉਨਾਂ ਨੇ ਰਿਸਰਚ ਦੇ ਕੰਮ ਵਿੱਚ ਰੋਡਸ ਸਕਾਲਰ ਦੇ ਰੂਪ ਵਿੱਚ ਆਕਸਫੋਰਡ ਤੋਂ ਆਪਣੀ ਦੂਸਰੀ ਮਾਸਟਰ ਡਿਗਰੀ ਹਾਸਿਲ ਕੀਤੀ ਹੈ।
ਕੀ ਹੈ ਆਤਸ਼ੀ ਦਾ ਸਿਆਸੀ ਸਫਰ
ਆਤਿਸ਼ੀ ਦੇ ਸਿਆਸੀ ਸਫਰ ਦੀ ਗੱਲ ਕਰੀਏ ਤਾਂ ਆਮ ਆਦਮੀ ਦੀ ਸਥਾਪਨਾ ਵੇਲੇ ਹੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਈ ਸੀ। 2013 ਵਿੱਚ ਪਾਰਟੀ ਦੇ ਮੈਨੀਫੈਸਟੋ ਤਿਆਰ ਕਰਨ ਦੇ ਵਿੱਚ ਵੀ ਉਸਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਆਤਿਸ਼ੀ ਆਮ ਆਦਮੀ ਪਾਰਟੀ ਦੀ ਬੁਲਾਰਾ ਵੀ ਰਹੀ ਹੈ। ਉਹਨਾਂ ਜੁਲਾਈ 2015 ਤੋਂ ਲੈ ਕੇ 2018 ਤੱਕ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਸਲਾਹਕਾਰ ਦੇ ਤੌਰ ਤੇ ਵੀ ਕੰਮ ਕੀਤਾ ਹੈ। ਦਿੱਲੀ ਦੇ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਪੱਧਰ ਸੁਧਾਰਨ ਵਿੱਚ ਵੀ ਆਤਸ਼ੀ ਦੀ ਮਹੱਤਵਪੂਰਨ ਭੂਮਿਕਾ ਹੈ। 2019 ਵਿੱਚ ਆਤਸ਼ੀ ਨੂੰ ਲੋਕ ਸਭਾ ਚੋਣਾਂ ਵਿੱਚ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਸੀ। ਜਿੱਥੋਂ ਉਹ ਬੀਜੇਪੀ ਦੇ ਉਮੀਦਵਾਰ ਗੌਤਮ ਗੰਭੀਰ ਤੋਂ ਵੱਡੇ ਫਰਕ ਦੇ ਨਾਲ ਹਾਰ ਗਏ ਸਨ। 2020 ਵਿੱਚ ਉਹ ਕਾਲਕਾ ਜੀ ਵਿਧਾਨ ਸਭਾ ਖੇਤਰ ਤੋਂ ਐਮਐਲਏ ਬਣੇ। ਇਸ ਤੋਂ ਬਾਅਦ ਪਾਰਟੀ ਦੇ ਵਿੱਚ ਉਨਾਂ ਦਾ ਸਿਆਸੀ ਕੱਦ ਲਗਾਤਾਰ ਵਧਿਆ ਹੈ। 2020 ਚੋਣਾਂ ਤੋਂ ਬਾਅਦ ਉਹਨਾਂ ਨੂੰ ਪਾਰਟੀ ਦੀ ਗੋਆ ਇਕਾਈ ਦਾ ਪ੍ਰਭਾਰੀ ਬਣਾਇਆ ਗਿਆ। ਇਸ ਤੋਂ ਇਲਾਵਾ ਆਤਿਸ਼ੀ ਪਾਰਟੀ ਦੀ ਪੋਲੀਟੀਕਲ ਅਫੇਅਰ ਕਮੇਟੀ ਦੇ ਮੈਂਬਰ ਵੀ ਹਨ ਅਤੇ ਉਨਾਂ ਕੋਲ ਸਿੱਖਿਆ ਮੰਤਰਾਲਾ ਟੂਰਿਜਮ ਅਤੇ ਜਲ ਵਿਭਾਗ ਵਰਗੇ ਮਹੱਤਵਪੂਰਨ ਮੰਤਰਾਲੇ ਰਹੇ ਹਨ।