ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫ਼ਾ ਦੇਣ ਦਾ ਕੀਤਾ ਐਲਾਨ
ਦਿੱਲੀ ਨੂੰ ਹੁਣ ਮਿਲੇਗਾ ਨਵਾਂ ਮੁੱਖ ਮੰਤਰੀ, ਵਿਸ਼ਵ ਵਾਰਤਾ ਦੀ ਖਬਰ ਤੇ ਲੱਗੀ ਮੋਹਰ
ਨਵੀਂ ਦਿੱਲੀ 15 ਸਤੰਬਰ ( ਵਿਸ਼ਵ ਵਾਰਤਾ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਜਮਾਨਤ ਤੋਂ ਬਾਅਦ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੋ ਦਿਨ ਬਾਅਦ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਦਿੱਲੀ ਅਤੇ ਦੇਸ਼ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਅਰਵਿੰਦ ਕੇਜਰੀਵਾਲ ਇਮਾਨਦਾਰ ਸੀਐਮ ਹਨ ਜਾਂ ਫਿਰ ਭਰਸ਼ਟਾਚਾਰੀ। ਉਹਨਾਂ ਕਿਹਾ ਕਿ ਉਹ ਲੋਕਾਂ ਦੇ ਵਿੱਚ ਆਪਣੀ ਗੱਲ ਲੈ ਕੇ ਜਾਣਗੇ ਅਤੇ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਦੇ ਕੇਸ ਦੇ ਵਿੱਚ ਜਮਾਨਤ ਮਿਲਣੀ ਬਹੁਤ ਮੁਸ਼ਕਿਲ ਸੀ ਪਰ ਫਿਰ ਵੀ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਮਾਨਤ ਦਿੱਤੀ ਹੈ। ਉਹਨਾਂ ਕਿਹਾ ਕਿ ਦੋ ਦਿਨ ਬਾਅਦ ਉਹ ਆਪਣੇ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ, ਹਾਲਾਂਕਿ ਆਪਣੇ ਇਸ ਐਲਾਨ ਦੇ ਵਿੱਚ ਉਹਨਾਂ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਹਨਾਂ ਦੀ ਜਗ੍ਹਾ ਤੇ ਸੀਐਮ ਦੀ ਕੁਰਸੀ ਤੇ ਕੌਣ ਬੈਠੇਗਾ।