Nabha News: ਵਿਧਾਇਕ ਦੇਵ ਮਾਨ ਤੇ ਏ.ਡੀ.ਸੀ. ਡਾ. ਬੇਦੀ ਨੇ ਪੱਕੇ ਮਕਾਨਾਂ ਲਈ 154 ਲਾਭਪਾਤਰੀਆਂ ਨੂੰ 2.29 ਕਰੋੜ ਰੁਪਏ ਦੇ ਪ੍ਰਵਾਨਗੀ ਪੱਤਰ ਵੰਡੇ
-ਪਿੰਡ ਮੱਲੇਵਾਲ ‘ਚ ਜਨ ਸੁਵਿਧਾ ਕੈਂਪ ਮੌਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ‘ਤੇ ਨਿਪਟਾਰਾ
-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਵਚਨਬੱਧ-ਏ.ਡੀ.ਸੀ. ਡਾ. ਬੇਦੀ
ਨਾਭਾ, 20 ਸਤੰਬਰ (ਵਿਸ਼ਵ ਵਾਰਤਾ):- ਅੱਜ ਹਲਕਾ ਨਾਭਾ ਦੇ ਪਿੰਡ ਮੱਲੇਵਾਲ ਵਿਖੇ ਲਗਾਏ ਗਏ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਜਨ ਸੁਵਿਧਾ ਕੈਂਪ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਤੇ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਡਾ. ਹਰਜਿੰਦਰ ਸਿੰਘ ਬੇਦੀ ਨੇ ਨਾਭਾ ਬਲਾਕ ਦੇ 154 ਲਾਭਪਾਤਰੀਆਂ ਨੂੰ 2 ਕਰੋੜ 29 ਲੱਖ 42 ਹਜ਼ਾਰ 920 ਰੁਪਏ ਕੱਚੇ ਘਰਾਂ ਨੂੰ ਪੱਕੇ ਕਰਨ ਲਈ ਸਰਕਾਰ ਵੱਲੋਂ ਦਿੱਤੀ ਗ੍ਰਾਂਟ ਦੀ ਪਹਿਲੀ ਕਿਸ਼ਤ ਉਨ੍ਹਾਂ ਦੇ ਖਾਤਿਆਂ ਵਿੱਚ ਪਾਏ ਜਾਣ ਦੇ ਪ੍ਰਵਾਨਗੀ ਪੱਤਰ ਵੰਡੇ।
ਇਸ ਦੌਰਾਨ ਵਿਧਾਇਕ ਤੇ ਏ.ਡੀ.ਸੀ. ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਮੌਕੇ ‘ਤੇ ਹੀ ਨਿਪਟਾਰਾ ਵੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਨਾਭਾ ਤਰਸੇਮ ਚੰਦ ਤੇ ਬੀ.ਡੀ.ਪੀ.ਓ. ਬਲਜੀਤ ਕੌਰ ਖ਼ਾਲਸਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ
ਗੁਰਦੇਵ ਸਿੰਘ ਦੇਵ ਮਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਲੋੜਵੰਦ ਲਾਭਪਾਤਰੀਆਂ ਨੂੰ 1.20 ਹਜ਼ਾਰ ਰੁਪਏ ਕੱਚੇ ਘਰਾਂ ਨੂੰ ਪੱਕੇ ਬਣਾਉਣ ਲਈ ਦਿੱਤੇ ਜਾ ਰਹੇ ਹਨ ਅਤੇ 30 ਹਜ਼ਾਰ ਰੁਪਏ ਮਗਨਰੇਗਾ ਸਕੀਮ ਤਹਿਤ ਲਾਭਪਾਤਰੀਆਂ ਨੂੰ ਦਿਹਾੜੀ ਵਜੋਂ ਵੀ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਭਪਾਤਰੀਆਂ ਦੀ ਚੋੜ ਬਿਨ੍ਹਾਂ ਕਿਸੇ ਸਿਫ਼ਾਰਿਸ਼ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ।
ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਚਹੁੰਪੱਖੀ ਵਿਕਾਸ ਲਈ ਵਚਨਬੱਧ ਹੈ, ਇਸ ਲਈ ਰਾਜ ਦੇ ਹਰੇਕ ਵਰਗ ਦੀਆਂ ਲੋੜਾਂ ਮੁਤਾਬਕ ਪੰਜਾਬ ਸਰਕਾਰ ਯੋਜਨਾਬੱਧ ਢੰਗ ਨਾਲ ਵਿੱਤੀ ਪ੍ਰਬੰਧ ਕਰਕੇ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਰਹੀ ਹੈ।
ਏ.ਡੀ.ਸੀ. ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਅਜਿਹੇ ਕੈਂਪ ਹਰ ਹਫ਼ਤੇ ਲਗਾਏ ਜਾ ਰਹੇ ਹਨ ਅਤੇ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤਹਿਤ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਲਗਾਤਾਰ ਯਤਨਸ਼ੀਲ ਹੈ।
ਇਸ ਜਨ ਸੁਵਿਧਾ ਕੈਂਪ ਆਧਾਰ ਕਾਰਡ ਵਿੱਚ ਆਪਣੇ ਨਾਮ ਠੀਕ ਕਰਵਾਉਣ ਤੋਂ ਇਲਾਵਾ ਸਮਾਜਿਕ ਸੁਰੱਖਿਆ ਪੈਨਸ਼ਨਾਂ, ਵੱਖ-ਵੱਖ ਮੁਸ਼ਕਿਲਾਂ ਦੇ ਨਿਪਟਾਰੇ ਲਈ ਦਰਖਾਸਤਾਂ, ਸਿਹਤ ਵਿਭਾਗ ਵੱਲੋਂ ਮਰੀਜਾਂ ਦਾ ਚੈਕਅਪ ਤੇ ਮੁਫ਼ਤ ਦਵਾਈਆਂ, ਕਿਰਤ ਵਿਭਾਗ ਦੀ ਲਾਲ ਕਾਪੀ ਬਣਵਾਉਣ ਸਮੇਤ ਮਾਲ ਵਿਭਾਗ ਦੇ ਕੰਮ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਵਾ ਕੇ ਪੈਨਸ਼ਨ ਲਗਵਾਉਣ ਸਬੰਧੀ ਲੋਕਾਂ ਨੇ ਅਧਿਕਾਰੀਆਂ ਨਾਲ ਮੁਲਾਕਾਤਾਂ ਕੀਤੀਆਂ। ਇਸ ਮੌਕੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਸਮੇਤ ਨੇੜਲੇ ਪਿੰਡਾਂ ਦੇ ਵਸਨੀਕ ਵੀ ਮੌਜੂਦ ਸਨ।