Monsoon session : ਜਾਣੋ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ‘ਚ ਗੂੰਜੇ ਕਿਹੜੇ ਮੁੱਦੇ
ਚੰਡੀਗੜ੍ਹ, 2ਸਤੰਬਰ (ਵਿਸ਼ਵ ਵਾਰਤਾ) Monsoon session: ਪੰਜਾਬ ਵਿਧਾਨ ਸਭਾ ਦੇ ਤਿੰਨ ਰੋਜ਼ਾ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਅੱਜ ਵਿਛੜੀਆਂ ਰੂਹਾਂ ਨੂੰ ਸਭ ਤੋਂ ਪਹਿਲਾਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਉਹਨਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਜਿਨਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਉਹਨਾਂ ਦੇ ਵਿੱਚ ਪਦਮ ਸ਼੍ਰੀ ਸੁਰਜੀਤ ਪਾਤਰ ਸਾਬਕਾ ਵਿਧਾਇਕ ਅਤੇ ਆਜ਼ਾਦੀ ਘੁਲਾਟੀਆਂ ਦੇ ਨਾਂ ਸ਼ਾਮਿਲ ਹਨ।
ਪ੍ਰਤਾਪ ਸਿੰਘ ਬਾਜਵਾ ਨੇ ਚੁੱਕਿਆ ਵਿਧਾਨ ਸਭਾ ਦੇ ਕੈਮਰਿਆਂ ਦਾ ਮੁੱਦਾ
ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਵਿੱਚ ਲੱਗੇ ਕੈਮਰਿਆਂ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਇਸ ਨੂੰ ਲੈ ਕੇ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਹਨਾਂ ਕਿਹਾ ਕਿ ਕੈਮਰਿਆਂ ਸਬੰਧੀ ਅਜੇ ਤੱਕ ਕੋਈ ਵੀ ਨਿਯਮ ਨਹੀਂ ਹੈ। ਬਾਜਵਾ ਨੇ ਕਿਹਾ ਕਿ ਇਹ ਸੰਬੰਧ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਣਾ ਚਾਹੀਦਾ।
ਮਨਪ੍ਰੀਤ ਸਿੰਘ ਇਆਲੀ ਨੇ ਸੈਸ਼ਨ ਦਾ ਸਮਾਂ ਵਧਾਉਣ ਦੀ ਕੀਤੀ ਮੰਗ
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਤਿੰਨ ਦਿਨਾਂ ਦੇ ਸੈਸ਼ਨ ਦੇ ਸਮੇਂ ਨੂੰ ਨਾਕਾਫੀ ਦੱਸਿਆ ਅਤੇ ਇਸ ਨੂੰ ਵਧਾਉਣ ਦੀ ਮੰਗ ਕੀਤੀ। ਇਸੇ ਦੌਰਾਨ ਇਆਲੀ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਪੰਜਾਬ ਦੇ ਵਿੱਚ ਅਕੁਾਇਰ ਕੀਤੀ ਗਈ ਜਮੀਨ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਅਕਵਾਇਰ ਕੀਤੀ ਜ਼ਮੀਨ ਦੀ ਵਾਜਬ ਕੀਮਤ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਜਮੀਨਾਂ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਹੈ। ਅਤੇ ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਦੇ ਮੁੱਦੇ ਪਹਿਲ ਦੇ ਆਧਾਰ ਤੇ ਹੱਲ ਕਰਨੇ ਚਾਹੀਦੇ ਹਨ।
ਬੁੱਢੇ ਨਾਲੇ ਦੇ ਮੁੱਦੇ ‘ਤੇ ਸੀਐਮ ਮਾਨ ਨੇ ਦਿੱਤਾ ਜਵਾਬ
ਇਸ ਦੇ ਨਾਲ ਹੀ ਇਆਲੀ ਨੇ ਲੁਧਿਆਣਾ ਦੇ ਵਿੱਚ ਪ੍ਰਦੂਸ਼ਿਤ ਬੁੱਢੇ ਨਾਲੇ ਦਾ ਮੁੱਦਾ ਵੀ ਚੁੱਕਿਆ । ਸਪੀਕਰ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਬਣਾਈ ਗਈ ਕਮੇਟੀ ਕੰਮ ਕਰ ਰਹੀ ਹੈ। ਮੁਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਬੁੱਢੇ ਨਾਲੇ ਦੇ ਉੱਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੱਤਾ ਤੇ ਇਸ ਤੇ ਚਰਚਾ ਕੀਤੀ। ਉਹਨਾਂ ਕਿਹਾ ਕਿ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਨੂੰ ਲੈ ਕੇ ਕੇਂਦਰ ਸਰਕਾਰ ਕੋਲੇ ਮੁੱਦਾ ਚੁੱਕਿਆ ਗਿਆ ਹੈ। ਉਹਨਾਂ ਕਿਹਾ ਕਿ ਫਾਜ਼ਲਕਾ ਦੇ ਕਈ ਪਿੰਡ ਵੀ ਇਸੇ ਬੁੱਢੇ ਨਾਲੇ ਦੇ ਪਾਣੀ ਕਰਕੇ ਬਿਮਾਰੀਆਂ ਨਾਲ ਜੂਝ ਰਹੇ ਹਨ। ਉਹਨਾਂ ਕਿਹਾ ਕਿ ਇਹ ਪਿੰਡ ਪਹਿਲਾਂ ਜਲਾਲਾਬਾਦ ਦੇ ਵਿੱਚ ਸਨ ਅਤੇ ਉਸ ਵੇਲੇ ਸੁਖਬੀਰ ਸਿੰਘ ਬਾਦਲ ਉਥੋਂ ਦੇ ਵਿਧਾਇਕ ਸਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਇਲਾਕੇ ਦੇ ਲੋਕਾਂ ਦੇ ਲਈ ਬੋਰ ਕਰਵਾ ਰਹੀ ਹੈ ਅਤੇ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰ ਰਹੀ ਹੈ।
ਪਰਗਟ ਸਿੰਘ ਨੇ ਚੁੱਕਿਆ ਨਾਜਾਇਜ ਮਾਈਨਿੰਗ ਦਾ ਮੁੱਦਾ
ਪ੍ਰਸ਼ਨ ਕਾਲ ਦੌਰਾਨ ਵਿਧਾਇਕ ਪਰਗਟ ਸਿੰਘ ਨੇ ਨਜਾਇਜ਼ ਮਾਈਨਿੰਗ ਦਾ ਮੁੱਦਾ ਚੁੱਕਿਆ ਅਤੇ ਵਾਤਾਵਰਣ ਸਬੰਧੀ ਵੀ ਉਹਨਾਂ ਨੇ ਸਵਾਲ ਪੁੱਛੇ। ਪਰਗਟ ਸਿੰਘ ਦੇ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤਾ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਦੂਸ਼ਣ ਦੇ ਮਾਮਲੇ ਤੇ ਬੇਹਦ ਸੰਜੀਦਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਵਿੱਚ ਦਰਖਤ ਲਗਾਉਣ ਅਤੇ ਪਾਣੀਆਂ ਨੂੰ ਸੰਭਾਲਣ ਦੀ ਗੱਲ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਹਿਰੀ ਪਾਣੀਆਂ ਦੀ ਉਪਲਬਧਤਾ ਨੂੰ ਲਗਾਤਾਰ ਵਧਾਇਆ ਹੈ ਅਤੇ ਲੋਕਾਂ ਨੂੰ 70 ਤੋਂ 75 ਫੀਸਦੀ ਨਹਿਰੀ ਪਾਣੀ ਉਪਲਬਧ ਕਰਵਾਇਆ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਅਸੀਂ ਜਿਸ ਦਿਨ ਇਸ ਕੰਮ ਦੀ ਸ਼ੁਰੂਆਤ ਕੀਤੀ ਸੀ ਉਸ ਵੇਲੇ ਸਿਰਫ 21 ਫੀਸਦ ਲੋਕਾਂ ਨੂੰ ਨਹਿਰੀ ਪਾਣੀ ਮਿਲਦਾ ਸੀ ਤੇ ਹੁਣ ਇਸ ਵਿੱਚ ਕਾਫੀ ਸੁਧਾਰ ਹੋਇਆ ਹੈ।