Mohali News: ਐਸ ਏ ਐਸ ਨਗਰ ਲਈ ਤਾਇਨਾਤ ਸਥਾਨਕ ਸਰਕਾਰਾਂ ਬਾਰੇ ਚੋਣ ਅਬਜ਼ਰਵਰ ਵੱਲੋਂ ਡੀ ਸੀ, ਐੱਸ ਐੱਸ ਪੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ
ਚੋਣ ਨਿਗਰਾਨ ਅਮ੍ਰਿਤ ਸਿੰਘ ਨੇ ਜ਼ਿਲ੍ਹੇ ਵਿੱਚ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਸਥਾਨਕ ਸਰਕਾਰ ਚੋਣਾਂ ਨੂੰ ਯਕੀਨੀ ਬਣਾਉਣ ਲਈ ਆਖਿਆ
ਸ਼ਿਕਾਇਤ ਦਰਜ ਕਰਵਾਉਣ ਲਈ ਸੰਪਰਕ ਨੰਬਰ ਅਤੇ ਈਮੇਲ ਜਾਰੀ ਕੀਤੇ
ਐਸ.ਏ.ਐਸ ਨਗਰ ਵਿੱਚ ਘੜੂੰਆਂ ਵਿਖੇ ਆਮ ਚੋਣਾਂ ਤੋਂ ਇਲਾਵਾ ਬਨੂੜ, ਖਰੜ ਅਤੇ ਨਵਾਂ ਗਾਓਂ ਵਿਖੇ ਇੱਕ ਇੱਕ ਵਾਰਡ ਦੀ ਜ਼ਿਮਨੀ ਚੋਣ 21 ਨੂੰ
ਐਸ.ਏ.ਐਸ.ਨਗਰ, 13 ਦਸੰਬਰ, 2024 (ਸਤੀਸ਼ ਕੁਮਾਰ ਪੱਪੀ):- ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਸਥਾਨਕ ਸਰਕਾਰ ਚੋਣਾਂ ਲਈ ਲਾਏ ਗਏ ਚੋਣ ਅਬਜ਼ਰਵਰ ਸ੍ਰੀਮਤੀ ਅੰਮ੍ਰਿਤ ਸਿੰਘ, ਆਈ.ਏ.ਐਸ, ਡਾਇਰੈਕਟਰ ਸੈਰ ਸਪਾਟਾ ਪੰਜਾਬ ਨੇ ਅੱਜ ਜ਼ਿਲ੍ਹੇ ਵਿੱਚ ਸਥਾਨਕ ਸਰਕਾਰ ਸੰਸਥਾਵਾਂ ਦੀਆਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐੱਸ ਐੱਸ ਪੀ ਦੀਪਕ ਪਾਰੀਕ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵੋਟਰਾਂ ਨੂੰ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਆਪਣਾ ਨੁਮਾਇੰਦਾ ਚੁਣਨ ਦਾ ਅਧਿਕਾਰ ਹੋਵੇ। ਕਿਸੇ ਵੀ ਉਲੰਘਣਾ ਦੀ ਸਥਿਤੀ ਵਿੱਚ ਆਪਣੇ ਨਾਲ ਸੰਪਰਕ ਕਰਨ ਲਈ ਸੰਪਰਕ ਨੰਬਰ ਅਤੇ ਈਮੇਲ ਆਈ ਡੀ ਜਾਰੀ ਕਰਦਿਆਂ, ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਮੋਬਾਈਲ ਨੰਬਰ, 89683-45747 ਅਤੇ ਈਮੇਲ ਆਈਡੀ observermcmohali@gmail.com ਰਾਹੀਂ ਸ਼ਿਕਾਇਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਚੋਣ ਪ੍ਰਕਿਰਿਆ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਤੁਰੰਤ ਕਾਰਵਾਈ ਕਰਨ ਨੂੰ ਯਕੀਨੀ ਬਣਾਉਣਗੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਨਗਰ ਪੰਚਾਇਤ ਘੜੂੰਆਂ ਦੇ ਸਾਰੇ 11 ਵਾਰਡਾਂ ਦੀਆਂ ਆਮ ਚੋਣਾਂ ਅਤੇ ਐਮ.ਸੀ ਖਰੜ ਦੇ ਵਾਰਡ ਨੰ: 16, ਐਮ.ਸੀ ਨਵਾਂ ਗਾਉਂ ਦੇ ਵਾਰਡ ਨੰ: 16 ਅਤੇ ਐਮ.ਸੀ ਬਨੂੜ ਦੇ ਵਾਰਡ ਨੰ. 06 ਦੀ ਜ਼ਿਮਨੀ ਚੋਣ ਲਈ ਜ਼ਿਲ੍ਹੇ ਵਿੱਚ ਬੀਤੇ ਦਿਨ (12 ਦਸੰਬਰ) ਤੱਕ ਕੁੱਲ 64 ਨਾਮਜ਼ਦਗੀਆਂ ਦਰਜ ਕੀਤੀਆਂ ਗਈਆਂ ਹਨ। ਅੱਜ ਕਾਗਜ਼ਾਂ ਦੀ ਪੜਤਾਲ ਚੱਲ ਰਹੀ ਹੈ। ਯੋਗ ਪਾਏ ਗਏ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਭਲਕੇ (14 ਦਸੰਬਰ) ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਵਾਪਸ ਲੈ ਸਕਦੇ ਹਨ ਜਦਕਿ ਉਪਰੋਕਤ ਨਗਰ ਪੰਚਾਇਤ ਅਤੇ ਨਗਰ ਕੌਂਸਲਾਂ ਲਈ ਵੋਟਾਂ 21 ਦਸੰਬਰ ਨੂੰ ਸਵੇਰੇ 7:00 ਵਜੇ ਤੋਂ ਸ਼ਾਮ 4:00 ਵਜੇ ਤੱਕ ਨਿਰਧਾਰਤ ਕੀਤੀਆਂ ਗਈਆਂ ਹਨ।
ਮਤਦਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਮੱਦਦ ਨਾਲ ਕਰਵਾਇਆ ਜਾਵੇਗਾ ਅਤੇ ਪੋਲਿੰਗ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ ਉਸੇ ਦਿਨ ਗਿਣਤੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਲਿੰਗ ਦੀ ਸਮੁੱਚੀ ਪ੍ਰਕਿਰਿਆ ਦੀ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਵੀਡੀਓਗ੍ਰਾਫੀ ਕਰਵਾਈ ਜਾਵੇਗੀ।
ਐਸ.ਐਸ.ਪੀ ਦੀਪਕ ਪਾਰੀਕ ਨੇ ਚੋਣ ਅਬਜ਼ਰਵਰ ਨੂੰ ‘ਪ੍ਰੀ-ਪੋਲ’ ਅਤੇ ‘ਪੋਲ-ਡੇਅ’ ਦੇ ਸੁਰੱਖਿਆ ਪ੍ਰਬੰਧਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਜ਼ਿਲ੍ਹਾ ਪੁਲਿਸ ਕਿਸੇ ਨੂੰ ਵੀ ਵੋਟਰਾਂ ਵਿੱਚ ਡਰ ਜਾਂ ਲੋਭ ਪੈਦਾ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਇਸੇ ਤਰ੍ਹਾਂ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਨਾਲ ਪੋਲਿੰਗ ਪ੍ਰਕਿਰਿਆ ‘ਤੇ ਵੀ ਬਾਰੀਕੀ ਨਾਲ ਨਜ਼ਰ ਰੱਖੀ ਜਾਵੇਗੀ।
ਚੋਣ ਅਬਜ਼ਰਵਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮੁੱਚੀ ਚੋਣ ਪ੍ਰਕਿਰਿਆ ਨੂੰ ਨਿਰਪੱਖਤਾ ਨਾਲ ਨੇਪਰੇ ਚਾੜ੍ਹਿਆ ਜਾਣਾ ਚਾਹੀਦਾ ਹੈ ਅਤੇ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਲਗਾਏ ਗਏ ਚੋਣ ਜ਼ਾਬਤੇ ਦੀ ਉਲੰਘਣਾ ਨਾ ਕਰਨ ਨੂੰ ਯਕੀਨੀ ਬਣਾਉਣ ਲਈ ਸਾਰੇ ਉਮੀਦਵਾਰਾਂ ਲਈ ਬਰਾਬਰ ਦੇ ਅਵਸਰ ਹੋਣੇ ਚਾਹੀਦੇ ਹਨ।
ਉਨ੍ਹਾਂ ਵੋਟਰਾਂ ਅਤੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਨੂੰ ਜ਼ਮੀਨੀ ਪੱਧਰ ਤੋਂ ਮਜ਼ਬੂਤ ਕਰਨ ਲਈ ਸਥਾਨਕ ਸਰਕਾਰ ਚੋਣਾਂ ਦੌਰਾਨ ਭਾਈਚਾਰਾ ਅਤੇ ਅਮਨ-ਕਾਨੂੰਨ ਬਣਾਈ ਰੱਖਣ।
ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਯੂ ਡੀ) ਅਨਮੋਲ ਸਿੰਘ ਧਾਲੀਵਾਲ, ਏ ਡੀ ਸੀ (ਆਰ ਡੀ) ਸੋਨਮ ਚੌਧਰੀ, ਐੱਸ ਪੀ (ਟਰੈਫਿਕ) ਐਚ ਐਸ ਮਾਨ, ਉਪ ਮੰਡਲ ਮੈਜਿਸਟਰੇਟ ਮੋਹਾਲੀ ਦਮਨਦੀਪ ਕੌਰ, ਉਪ ਮੰਡਲ ਮੈਜਿਸਟਰੇਟ ਖਰੜ ਗੁਰਮੰਦਰ ਸਿੰਘ, ਚੋਣ ਅਬਜ਼ਰਵਰ ਦੇ ਐਲ ਓ ਸ਼ਿਵਪ੍ਰੀਤ ਸਿੰਘ ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਸ਼ਾਮਲ ਹਨ।