Mohali News: ਜ਼ਿਲ੍ਹੇ ਵਿੱਚ 1.57 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ
ਹੁਣ ਤੱਕ 52128 ਮੀਟ੍ਰਿਕ ਟਨ ਦੀ ਲਿਫਟਿੰਗ ਕੀਤੀ ਗਈ
ਕਿਸਾਨਾਂ ਦੇ ਖਾਤਿਆਂ ਵਿੱਚ 349 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ
ਸਾਹਿਬਜ਼ਾਦਾ ਅਜੀਤ ਸਿੰਘ, 1 ਨਵੰਬਰ, 2024 (ਸਤੀਸ਼ ਕੁਮਾਰ ਪੱਪੀ):- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਸ਼ੁਕਰਵਾਰ ਸ਼ਾਮ ਤੱਕ 1,57, 465 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜ਼ਿਲ੍ਹੇ ਵਿੱਚ ਇਸ ਸੀਜ਼ਨ ਦਾ ਕੁੱਲ ਖਰੀਦ ਦਾ ਟੀਚਾ 2,14,776 ਮੀਟ੍ਰਿਕ ਟਨ ਮਿਥਿਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ। ਉਹਨਾਂ ਦੱਸਿਆ ਕਿ ਅੱਜ ਸ਼ਾਮ ਤੱਕ ਖਰੀਦ ਕੀਤਾ ਗਿਆ ਝੋਨਾ, ਕੁੱਲ ਆਸ ਕੀਤੀ ਜਾਂਦੀ ਆਮਦ ਦਾ 73 ਫੀਸਦੀ ਬਣਦਾ ਹੈ।
ਡਿਪਟੀ ਕਮਿਸ਼ਨਰ ਅਨੁਸਾਰ ਹੁਣ ਤੱਕ ਇਸ ਖਰੀਦੇ ਗਏ ਝੋਨੇ ਲਈ ਕਿਸਾਨਾਂ ਦੇ ਖਾਤਿਆਂ ਵਿੱਚ 349.88 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਹਨਾਂ ਅੱਗੇ ਦੱਸਿਆ ਕਿ ਮੰਡੀਆਂ ਵਿੱਚੋਂ 52,128 ਮੀਟਰਿਕ ਟਨ ਝੋਨੇ ਦੀ ਚੁਕਾਈ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਦਾ ਝੋਨਾ ਵੀ ਜਲਦ ਹੀ ਮੰਡੀਆਂ ਵਿੱਚੋਂ ਚੁੱਕ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਅਨੁਸਾਰ ਹੁਣ ਤੱਕ ਖਰੀਦ ਕੀਤੇ ਗਏ ਝੋਨੇ ਵਿੱਚੋਂ ਪਨਗਰੇਨ ਨੇ 52552 ਮੀਟ੍ਰਿਕ ਟਨ, ਮਾਰਕਫੈਡ ਨੇ 39273 ਮੀਟ੍ਰਿਕ ਟਨ, ਪਨਸਪ ਨੇ 35576 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 14294 ਮੀਟ੍ਰਿਕ ਟਨ ਅਤੇ ਭਾਰਤੀ ਖੁਰਾਕ ਨਿਗਮ ਨੇ 15109 ਮੀਟ੍ਰਿਕ ਟਨ ਝੋਨਾ ਖਰੀਦਿਆ ਹੈ। ਪ੍ਰਾਈਵੇਟ ਵਪਾਰੀਆਂ ਨੇ 661 ਮੀਟ੍ਰਿਕ ਟਨ ਝੋਨਾ ਖਰੀਦਿਆ ਹੈ।