ਬਿਹਾਰ ਖੇਡ ਵਿਭਾਗ ਨੇ ਰਾਜਗੀਰ ਵਿਖੇ 11 ਤੋਂ 20 ਨਵੰਬਰ ਤੱਕ ਹੋਣ ਵਾਲੇ ਟੂਰਨਾਮੈਂਟ ਲਈ ਸੱਦਾ ਪੱਤਰ ਦਿੱਤਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ , 17 ਅਕਤੂਬਰ(ਸਤੀਸ਼ ਕੁਮਾਰ ਪੱਪੀ )-ਅਗਲੇ ਮਹੀਨੇ ਰਾਜਗੀਰ (ਬਿਹਾਰ) ਵਿਖੇ ਹੋਣ ਵਾਲੀ ਛੇ ਮੁਲਕਾਂ ਦੀ ਮਹਿਲਾ ਏਸ਼ੀਅਨ ਚੈਂਪੀਅਨ ਟਰਾਫੀ 2024 ਦੀ ਜੇਤੂ ਟਰਾਫੀ ਦੇ ਭਾਰਤ ਦੌਰੇ ਦੌਰਾਨ ਅੱਜ ਇਹ ਟਰਾਫੀ ਪੰਜਾਬ ਪੁੱਜੀ, ਜਿਸ ਦਾ ਮੁਹਾਲੀ ਸਥਿਤ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਇਹ ਟਰਾਫੀ ਬਿਹਾਰ ਤੋਂ ਚੱਲ ਕੇ ਹਰਿਆਣਾ ਦੇ ਰਾਸਤੇ ਪੰਜਾਬ ਪਹੁੰਚੀ ਹੈ ਜਿੱਥੋਂ ਇਹ ਅੱਗੇ ਹਵਾਈ ਜਹਾਜ਼ ਰਾਹੀਂ ਭੁਵਨੇਸ਼ਵਰ (ਉੜੀਸਾ) ਰਵਾਨਾ ਹੋਈ।
ਖੇਡ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਹੋਏ ਸਵਾਗਤ ਸਮਾਰੋਹ ਦੇ ਮੁੱਖ ਮਹਿਮਾਨ ਟੋਕੀਓ ਓਲੰਪਿਕ ਖੇਡਾਂ ਦੇ ਮੈਡਲ ਜੇਤੂ ਹਾਕੀ ਓਲੰਪੀਅਨ ਰੁਪਿੰਦਰ ਪਾਲ ਸਿੰਘ ਤੇ ਸਿਮਰਜੀਤ ਸਿੰਘ ਨੇ ਟਰਾਫੀ ਦਾ ਸਵਾਗਤ ਕੀਤਾ ਅਤੇ ਇਸ ਉੱਪਰੋਂ ਪਰਦਾ ਚੁੱਕ ਕੇ ਘੁੰਢ ਚੁਕਾਈ ਕੀਤੀ। ਰੁਪਿੰਦਰ ਪਾਲ ਸਿੰਘ ਤੇ ਸਿਮਰਨਜੀਤ ਸਿੰਘ ਨੇ ਕਿਹਾ ਕਿ ਟਰਾਫੀ ਦੇ ਭਾਰਤ ਟੂਰ ਨਾਲ ਪੂਰੇ ਦੇਸ਼ ਵਿੱਚ ਖੇਡਾਂ ਅਤੇ ਖਾਸ ਕਰਕੇ ਹਾਕੀ ਖੇਡ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨਵੇਂ ਖਿਡਾਰੀਆਂ ਨੂੰ ਪ੍ਰੇਰਨਾ ਮਿਲੇਗੀ।
ਟਰਾਫੀ ਨੂੰ ਲੈ ਕੇ ਆਏ ਬਿਹਾਰ ਖੇਡ ਵਿਭਾਗ ਦੇ ਅਫਸਰ ਚੰਦਰ ਕੁਮਾਰ ਸਿੰਘ ਤੇ ਮਿਨੀ ਕੁਮਾਰੀ ਨੇ ਪੰਜਾਬ ਖੇਡ ਵਿਭਾਗ ਵੱਲੋਂ ਕੀਤੇ ਸਵਾਗਤ ਲਈ ਧੰਨਵਾਦ ਕਰਦਿਆਂ ਸੂਬਾ ਵਾਸੀਆਂ ਨੂੰ ਰਾਜਗੀਰ ਵਿਖੇ 11 ਤੋਂ 20 ਨਵੰਬਰ ਤੱਕ ਹੋਣ ਵਾਲੇ ਟੂਰਨਾਮੈਂਟ ਲਈ ਰਸਮੀ ਸੱਦਾ ਪੱਤਰ ਵੀ ਦਿੱਤਾ।
ਖੇਡ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਰਣਬੀਰ ਸਿੰਘ ਭੰਗੂ ਅਤੇ ਜ਼ਿਲਾ ਖੇਡ ਅਫਸਰ ਮੁਹਾਲੀ ਰੁਪੇਸ਼ ਕੁਮਾਰ ਬੇਗੜਾ ਨੇ ਇਸ ਟਰਾਫੀ ਅਤੇ ਨਾਲ ਆਏ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ। ਹਾਕੀ ਪੰਜਾਬ ਵੱਲੋਂ ਮੁਹਾਲੀ ਹਾਕੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਵੰਤ ਰਾਏ ਸੋਤਾ, ਪ੍ਰਧਾਨ ਠਾਕੁਰ ਓਂਕਾਰ ਲਾਲੋਤਰਾ, ਮੀਤ ਪ੍ਰਧਾਨ ਮੋਹਨ ਸਿੰਘ ਗਿੱਲ ਅਤੇ ਸਕੱਤਰ ਚੰਦਰ ਜੋਇਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਖੇਡ ਲੇਖਕ ਅਤੇ ਸੂਚਨਾ ਤੇ ਲੋਕ ਸੰਪਰਕ ਅਫਸਰ ਨਵਦੀਪ ਸਿੰਘ ਗਿੱਲ ਨੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਹਾਕੀ ਖੇਡ ਵਿੱਚ ਪੰਜਾਬ ਦੀਆਂ ਪ੍ਰਾਪਤੀਆਂ ਅਤੇ ਪੰਜਾਬ ਸਰਕਾਰ ਵੱਲੋਂ ਖੇਡਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ।
ਇਸ ਮੌਕੇ ਮੌਜੂਦ ਖੇਡ ਵਿਭਾਗ ਦੇ ਹਾਕੀ ਕੋਚ, ਹਾਕੀ ਖਿਡਾਰੀਆਂ ਨੇ ਟਰਾਫੀ ਨਾਲ ਤਸਵੀਰਾਂ ਖਿਚਵਾਈਆਂ।
Latest news in Punjabi
Punjab news
Top headlines in Punjabi
Breaking news in Punjabi
Latest news in Punjabi
Punjab news
Top headlines in Punjabi
Punjab news in Punjabi