Mohali News :ਨਵਾਂ ਗਾਓਂ ‘ਚ ਸਮੱਸਿਆਵਾਂ ਦੇ ਢੇਰ, ਕਦੋਂ ਸੁਣੇਗੀ ਮਾਨ ਸਰਕਾਰ ?
ਇਲਾਕੇ ਦੀਆਂ ਗਲੀਆਂ ਟੁੱਟੀਆਂ, ਬਰਸਾਤਾਂ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ’ਚ ਵਾਧਾ
ਪੰਜਾਬ ਭਾਜਪਾ ਦੇ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਇਲਾਕੇ ਦਾ ਕੀਤਾ ਦੌਰਾ
ਚੰਡੀਗੜ੍ਹ, 6 ਜੁਲਾਈ(ਸਤੀਸ਼ ਕੁਮਾਰ ਪੱਪੀ)Mohali News- ਬਰਸਾਤ ਦਾ ਮੌਸਮ ਅਜੇ ਸ਼ੁਰੂ ਹੋਇਆ ਹੈ ਅਤੇ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਅਧੀਨ ਪੈਂਦੇ ਨਯਾਗਾਓਂ ਵਿੱਚ ਸਮੱਸਿਆਵਾਂ ਦੀ ਭਰਮਾਰ ਹੈ। ਇੱਥੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਵਿਕਾਸ ਨਗਰ, ਆਦਰਸ਼ ਨਗਰ, ਪੁਰਾਣਾ ਦੁਸਹਿਰਾ ਗਰਾਊਂਡ (ਵਾਰਡ 20 ਤੋਂ 14 ਵਿਚਕਾਰ) ਦੀਆਂ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਜਮ੍ਹਾਂ ਹੋ ਗਿਆ ਹੈ। ਜਨਤਾ ਮਾਡਲ ਸਕੂਲ ਨੇੜੇ ਸ਼ਿਵ ਮੰਦਿਰ ਰੋਡ, ਜਨਤਾ ਕਲੋਨੀ ਰੋਡ, ਵਾਰਡ ਨੰਬਰ 14 ਅਤੇ 18 ਦੇ ਵਿਚਕਾਰ ਬਾਬਾ ਬਾਲਕ ਨਾਥ ਮੰਦਰ, ਵਾਰਡ ਨੰਬਰ 1 ਵਿੱਚ ਕੁਮਾਉਂ ਮੰਦਰ ਦੇ ਆਲੇ-ਦੁਆਲੇ, ਕੁਮਾਉਂ ਭਵਨ, ਵਾਰਡ 12 ਵਿੱਚ ਪੁਰਾਣਾ ਟੋਭਾ, ਖੁੱਡਾ ਅਲੀਸ਼ੇਰ ਤੋਂ ਵਾਰਡ 11 ਅਤੇ 12 ਤੱਕ ਕਈ ਥਾਵਾਂ ’ਤੇ ਬਰਸਾਤ ਦਾ ਪਾਣੀ ਖੜ੍ਹਾ ਰਹਿੰਦਾ ਹੈ। ਇਸ ਕਾਰਨ ਸਥਾਨਕ ਲੋਕਾਂ ਖਾਸ ਕਰਕੇ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।
ਇੱਥੇ ਹੀ ਬੱਸ ਨਹੀਂ ਕਈ ਥਾਵਾਂ ’ਤੇ ਕੱਚੀਆਂ ਗਲੀਆਂ ਹਨ ਅਤੇ ਕਈ ਥਾਵਾਂ ’ਤੇ ਪਾਵਰਕੌਮ ਦੇ ਬਿਜਲੀ ਦੇ ਖੰਬੇ ਵੀ ਉਖੜ ਗਏ ਹਨ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ।
ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬਾ ਮੀਡੀਆ ਮੁੱਖੀ ਵਿਨੀਤ ਜੋਸ਼ੀ ਨੇ ਨਵਾਂਗਾਓਂ ਦਾ ਦੌਰਾ ਕੀਤਾ ਅਤੇ ਲੋਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਜੋਸ਼ੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਅੱਜ ਤੱਕ ਉਨ੍ਹਾਂ ਨੇ ਮੁੱਖ ਮੰਤਰੀ ਨਿਵਾਸ ਤੋਂ 50 ਮੀਟਰ ਦੂਰੀ ‘ਤੇ ਸਥਿਤ ਇਸ ਇਲਾਕੇ ਦੀ ਸੰਭਾਲ ਨਹੀਂ ਕੀਤੀ। ਨਯਾਗਾਂਵ ਨੇ ਉਨ੍ਹਾਂ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇੱਥੋਂ ਦੀਆਂ ਗਲੀਆਂ ਟੁੱਟੀਆਂ ਪਈਆਂ ਹਨ। ਹਲਕੀ ਬਰਸਾਤ ਵਿੱਚ ਗਲੀਆਂ ਪਾਣੀ ਵਿੱਚ ਡੁੱਬ ਜਾਂਦੀਆਂ ਹਨ। ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇੱਥੇ ਕਈ-ਕਈ ਦਿਨ ਬਰਸਾਤ ਦਾ ਪਾਣੀ ਇਕੱਠਾ ਰਹਿੰਦਾ ਹੈ। ਜਿਸ ਕਾਰਨ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਜੋਸ਼ੀ ਨੇ ਦੱਸਿਆ ਕਿ ਨਯਾਗਾਂਵ ਦੀ ਆਬਾਦੀ ਦੋ ਲੱਖ ਦੇ ਕਰੀਬ ਹੈ। ਪਰ ਮੁੱਖ ਮੰਤਰੀ ਮਾਨ ਨੂੰ ਉਨ੍ਹਾਂ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇੱਕ ਵਾਰ ਨਯਾਗਾਂਵ ਦਾ ਦੌਰਾ ਕਰਨ ਤਾਂ ਜੋ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਸਕਣ।