Mohali News :ਨਸ਼ਿਆਂ ਨੂੰ ਖਤਮ ਕਰਨਾ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ : ਡੀ ਆਈ ਜੀ ਨੀਲਾਂਬਰੀ ਜਗਦਲੇ
ਨਸ਼ਿਆਂ ਦੀ ਰੋਕਥਾਮ ਲਈ ਐਨ ਕੋਰਡ ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ਦੀ ਸਮੀਖਿਆ ਮੀਟਿੰਗ
ਐੱਸ.ਏ.ਐੱਸ. ਨਗਰ, 5 ਜੁਲਾਈ(ਸਤੀਸ਼ ਕੁਮਾਰ ਪੱਪੀ)Mohali News- ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਸ਼੍ਰੀਮਤੀ ਨੀਲਾਂਬਰੀ ਜਗਦਲੇ ਵੱਲੋਂ ਨਾਰਕੋ ਕੋਆਰਡੀਨੇਸ਼ਨ ਸੈਂਟਰ (ਐਨ. ਕੋਰਡ) ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਰੋਕਣ/ਖਤਮ ਕਰਨ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਤੇ ਐਸ ਐਸ ਪੀ ਡਾ. ਸੰਦੀਪ ਗਰਗ ਵੀ ਮੌਜੂਦ ਸਨ।
ਡੀ.ਆਈ.ਜੀ. ਨੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਸਕੂਲਾਂ/ਕਾਲਜਾਂ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਨਸ਼ਾਂ ਵਿਰੋਧੀ ਭਾਸ਼ਣ/ ਸੈਮੀਨਾਰ ਕਰਵਾਏ ਜਾਣ। ਇਸ ਤੋਂ ਇਲਾਵਾ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਦੱਸਦੇ ਹੋਏ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਨਾਟਕ, ਸਕਿੱਟ ਜਾਂ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇੱਕ ਮਾਡਲ ਓਟ ਸੈਂਟਰ ਬਣਾਇਆ ਜਾਵੇਗਾ, ਜਿਸ ਦਾ ਬਕਾਇਦਾ ਐਸ ਡੀ ਐੱਮ ਅਤੇ ਐਸ ਪੀ ਅਧਾਰਿਤ ਕਮੇਟੀ ਵੱਲੋਂ ਆਡਿਟ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਨਸ਼ਿਆਂ ਦੇ ਹੌਟਸਪੌਟਸ ਵਿੱਚ ਮੈਡੀਕਲ ਕੈਂਪ ਲਗਾਏ ਜਾਣ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪ੍ਰਚਾਰ ਕਰਨ ਤੋਂ ਇਲਾਵਾ ਮੁੜ ਵਸੇਬਾ ਕੇਂਦਰਾਂ, ਓਟ ਕਲੀਨਿਕਾਂ ਬਾਰੇ ਵੀ ਸੂਚਿਤ ਕੀਤਾ ਜਾਵੇ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਨਸ਼ਿਆਂ ਸਬੰਧੀ ਸ਼ਿਕਾਇਤ ਦੇਣ ਲਈ ਜਨਤਕ ਥਾਵਾਂ ਉੱਤੇ ਸ਼ਿਕਾਇਤ ਬਾਕਸ ਲਾਏ ਹਨ। ਨਸ਼ਿਆਂ ਵਿਰੁੱਧ ਇਸ ਮੁਹਿੰਮ ਨੂੰ ਜਨਤਕ ਕਰਨ ਲਈ ਪੁਲਿਸ ਵਿਭਾਗ ਵੱਲੋਂ ਜਾਰੀ ਮੋਬਾਇਲ ਨੰ: 8054100112 ਅਤੇ ਈ-ਮੇਲ sspmohali.drug.info@g.mail.com ਤੇ ਸੂਚਿਤ ਕੀਤਾ ਜਾਵੇ ਤਾਂ ਜੋ ਆਮ ਲੋਕ ਨਸ਼ਾਂ ਤਸਕਰਾਂ ਵਿਰੁੱਧ ਪੁਲਿਸ ਵਿਭਾਗ ਨੂੰ ਸੂਚਿਤ ਕਰ ਸਕਣ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਨਸ਼ਾਂ ਤਸਕਰਾਂ ਵਿਰੁੱਧ ਸ਼ਿਕਾਇਤ ਦੇਣ ਵਾਲੇ ਵਿਅਕਤੀ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਉਨ੍ਹਾਂ ਆਦੇਸ਼ ਦਿੱਤੇ ਗਏ ਸਾਰੇ ਉਪ ਮੰਡਲ ਮੈਜਿਸਟ੍ਰੇਟਸ, ਡੀ.ਡੀ.ਪੀ.ਓਜ਼ ਵੱਲੋਂ ਪਿੰਡਾਂ ਵਿੱਚ ਜੇਕਰ ਆਮ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ। ਆਮ ਲੋਕਾਂ ਵੱਲੋਂ ਦਿੱਤੇ ਅਜਿਹੇ ਸਹਿਯੋਗ ਨਾਲ ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨਾ ਸਹਾਈ ਸਿੱਧ ਹੋ ਸਕਦਾ ਹੈ।
ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਜ਼ਿਲ੍ਹਾ ਡ੍ਰੱਗ ਕੰਟਰੋਲ ਅਫ਼ਸਰ ਵੱਲੋਂ ਮੈਡੀਕਲ ਸਟੋਰਾਂ ਤੇ ਪੁਲਿਸ ਦੀ ਸਹਾਇਤਾ ਨਾਲ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਅਨ-ਰਜਿਸਟਰਡ ਮੈਡੀਕਲ ਸਟੋਰਾਂ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ।
ਡੀ.ਆਈ.ਜੀ. ਨੇ ਮੁੱਖ ਮੰਤਰੀ ਪੰਜਾਬ ਦੀ ਜ਼ੀਰੋ ਟਾਲਰੈਂਸ ਨੀਤੀ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਨੇ ਪਹਿਲਾਂ ਹੀ ਨਸ਼ਾ ਤਸਕਰਾਂ ‘ਤੇ ਵੱਡੀ ਕਾਰਵਾਈ ਵਿੱਢੀ ਹੋਈ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ਼ ਨਸ਼ੇ ਨੂੰ ਖਤਮ ਕਰਨ ਲਈ ਹਰ ਵਰਗ ਦਾ ਫਰਜ਼ ਬਣਦਾ ਹੈ ਕਿ ਸਾਰੇ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਲਗਾਤਾਰ ਦਬਾਅ ਬਣਾਉਣ ਤਾਂ ਜੋ ਦੇਸ਼ ਨੂੰ ਖੁਸ਼ਹਾਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਨਸ਼ਿਆਂ ਦੀ ਅਲਾਮਤ ਨੂੰ ਛੱਡਣ ਲਈ ਹਰ ਪਹਿਲ ਕਦਮੀ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਵਲੋਂ ਐਸ.ਡੀ.ਐਮਜ਼ ਅਤੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਆਪਣੇ ਅਧਿਕਾਰ ਖੇਤਰਾਂ ਵਿੱਚ ਨਿਯਮਤ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ ਜਿੱਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਸਕੂਲਾਂ ਅਤੇ ਕਾਲਜਾਂ ਦੇ ਆਸ ਪਾਸ ਪੁਲਿਸ ਦੀ ਗਸ਼ਤ ਵਧਾ ਦਿੱਤੀ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਵਿਰਾਜ ਐਸ. ਤਿੜਕੇ, ਐੱਸ.ਡੀ.ਐਮ. ਮੋਹਾਲੀ ਸ਼੍ਰੀ ਦੀਪਾਂਕਰ ਗਰਗ, ਐੱਸ.ਡੀ. ਐਮ. ਡੇਰਾਬੱਸੀ ਸ਼੍ਰੀ ਹਿਮਾਂਸ਼ੂ ਗੁਪਤਾ, ਐੱਸ.ਡੀ.ਐਮ. ਖਰੜ ਸ਼੍ਰੀ ਗੁਰਮੰਦਰ ਸਿੰਘ, ਐੱਸ.ਪੀ. ਐਚ ਐਸ ਮਾਨ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।