MOHALI : ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ ਸ਼ੁਰੂ ਹੋਣ ਜਾ ਰਹੇ ਸੈਂਟਰਲ ਟੂਲ ਰੂਮ ਐਕਸਟੈਂਸ਼ਨ ਸੈਂਟਰ ਸਬੰਧੀ ਮੋਹਾਲੀ ਦੇ ਉਦਯੋਗਪਤੀਆਂ ਨਾਲ ਮੀਟਿੰਗ
10 ਕਰੋੜ ਦੀ ਲਾਗਤ ਨਾਲ ਸਥਾਪਿਤ ਹੋਵੇਗਾ ਐਕਸਟੈਂਸ਼ਨ ਸੈਂਟਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਮਾਰਚ (ਸਤੀਸ਼ ਕੁਮਾਰ ਪੱਪੀ) MOHALI : ਜ਼ਿਲ੍ਹੇ ਦੇ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਦੇ ਡਾਇਰੈਕਟਰ ਅਮਿਤ ਤਲਵਾੜ ਦੇ ਯਤਨਾਂ ਸਦਕਾ ਸ਼ੁਰੂ ਹੋਣ ਜਾ ਰਹੇ ਸੈਂਟਰਲ ਟੂਲ ਰੂਮ ਐਕਸਟੈਂਸ਼ਨ ਸੈਂਟਰ ਦੇ ਲਈ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਦੇ ਅਧਿਕਾਰੀਆਂ, ਸੈਂਟਰਲ ਟੂਲ ਰੂਮ ਦੇ ਅਧਿਕਾਰੀਆਂ ਅਤੇ ਮੋਹਾਲੀ (MOHALI)ਸ਼ਹਿਰ ਦੇ ਉਦਯੋਗਪਤੀਆਂ ਦੀ ਇੱਕ ਸਾਂਝੀ ਮੀਟਿੰਗ, ਜਰਨਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਅਰਸ਼ਜੀਤ ਸਿੰਘ ਦੀ ਅਗਵਾਈ ਵਿਚ ਹੋਈ।
ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਦੇ ਅਫ਼ਸਰ ਇੰਚਾਰਜ, ਸਿਵਲ ਇੰਜੀਨੀਅਰਿੰਗ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਵਿਭਾਗ ਦੇ ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ ਰਵਿੰਦਰ ਸਿੰਘ ਹੁੰਦਲ ਅਤੇ ਪ੍ਰਿੰਸੀਪਲ ਰਕਸ਼ਾ ਕਿਰਨ ਦੀ ਅਗਵਾਈ ਵਿਚ ਕਰਵਾਈ ਗਈ ਇਸ ਮੀਟਿੰਗ ਦੌਰਾਨ ਐਕਸਟੈਂਸ਼ਨ ਸੈਂਟਰ ਦੇ ਕੋਰਸਾਂ, ਪਾਠਕ੍ਰਮ, ਉਦਯੋਗਿਕ ਇਕਾਈਆਂ ਦੇ ਨਾਲ ਤਾਲਮੇਲ, ਮੋਹਾਲੀ ਖੇਤਰ ਦੇ ਉਦਯੋਗ ਦੀਆਂ ਤਕਨੀਕੀ ਜ਼ਰੂਰਤਾਂ ਅਤੇ ਨਵੀਆਂ ਸੰਭਾਵਨਾਵਾਂ ਉਪਰ ਖੁੱਲ੍ਹ ਕੇ ਚਰਚਾ ਕੀਤੀ ਗਈ।
ਸੈਂਟਰਲ ਟੂਲ ਰੂਮ ਲੁਧਿਆਣਾ ਦੇ ਮੁਖੀ ਟ੍ਰੇਨਿੰਗ, ਜਗਦੀਪ ਸਿੰਘ ਨੇ ਤਕਨੀਕੀ ਸਿੱਖਿਆ ਅਦਾਰਿਆਂ ਅਤੇ ਉਦਯੋਗਿਕ ਇਕਾਈਆਂ ਦੇ ਬੇਹਤਰ ਤਾਲਮੇਲ ਉਪਰ ਜ਼ੋਰ ਦਿੱਤਾ ਤਾਂ ਜੋ ਤਕਨੀਕੀ ਸਿੱਖਿਆ ਹਾਸਲ ਕਰਨ ਵਾਲੇ ਨੌਜਵਾਨ ਆਪਣੇ ਭਵਿੱਖ ਨੂੰ ਚੰਗੀ ਤਰ੍ਹਾਂ ਤਰਾਸ਼ ਸਕਣ।
ਪ੍ਰੋ. ਅਮਿਤ ਕਪੂਰ ਨੇ ਇਲੈਕਟ੍ਰਾਨਿਕਸ, ਮਕੈਨੀਕਲ ਅਤੇ ਆਈ ਟੀ ਸੈਕਟਰ ਦੇ ਆਪਸੀ ਤਾਲਮੇਲ ਨਾਲ ਮੈਕਾਟੋਨਿਕਸ ਵਿਸ਼ੇ ਤੇ ਗੱਲਬਾਤ ਕੀਤੀ। ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਅਰਸ਼ਜੀਤ ਨੇ ਕਿਹਾ ਕਿ ਉਪਰੋਕਤ ਐਕਸਟੈਂਸ਼ਨ ਸੈਂਟਰ ਦੇ ਖੁਲ੍ਹਣ ਨਾਲ ਇਸ ਖੇਤਰ ਦੇ ਨੌਜਵਾਨਾਂ ਨੂੰ ਤਾਂ ਫਾਇਦਾ ਹੋਵੇਗਾ ਹੀ, ਬਲਕਿ ਮੋਹਾਲੀ ਦੇ ਨਾਲ ਰਾਜਪੁਰਾ ਅਤੇ ਰੋਪੜ ਦੇ ਲਘੂ ਉਦਯੋਗ ਨੂੰ ਵੀ ਹੁਲਾਰਾ ਮਿਲੇਗਾ।
ਇਸ ਮੌਕੇ ਕੰਵਰ ਹਰਵੀਰ ਸਿੰਘ ਢੀਂਡਸਾ ਨੇ ਉਦਯੋਗਿਕ ਇਕਾਈਆਂ ਵੱਲੋਂ ਤਕਨੀਕੀ ਸਿੱਖਿਆ ਵਿਭਾਗ ਦੇ ਇਸ ਨਵੇਕਲੇ ਉੱਦਮ ਲਈ ਵਿਭਾਗ ਦਾ ਧੰਨਵਾਦ ਕੀਤਾ। ਮੀਟਿੰਗ ਦੌਰਾਨ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਦੇ ਮੁੱਖੀ ਮਕੈਨੀਕਲ, ਸੰਜੀਵ ਜਿੰਦਲ ਅਤੇ ਪੀ. ਟੀ. ਯੂ. ਕੈਂਪਸ ਵੱਲੋਂ ਸਹਾਇਕ ਰਜਿਸਟਰਾਰ ਤਰੁਣ ਕਨੌਡੀਆ ਨੇ ਆਪਣੇ ਵਿਚਾਰ ਰੱਖੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/