Mohali ਵੱਸਦੇ ਨੌਜਵਾਨ ਪੰਜਾਬੀ ਕਵੀ ‘ਦਿਲਗੀਰ’ ਵੱਲੋਂ ਆਪਣੀ ਪਹਿਲੀ ਕਾਵਿ ਪੁਸਤਕ ਦੀ ਪਹਿਲੀ ਕਾਪੀ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਭੇਂਟ
ਲੁਧਿਆਣਾ 30 ਦਸੰਬਰ (ਸਤੀਸ਼ ਕੁਮਾਰ ਪੱਪੀ):- ਮੋਹਾਲੀ ਵੱਸਦੇ ਨੌਜਵਾਨ ਪੰਜਾਬੀ ਕਵੀ ‘ਦਿਲਗੀਰ’ ਨੇ ਆਪਣੀ ਪਹਿਲੀ ਕਾਵਿ ਪੁਸਤਕ “ਖ਼ਾਮੋਸ਼ ਹਰਫ਼”ਦੀ ਪਹਿਲੀ ਕਾਪੀ ਲੁਧਿਆਣਾ ਪਹੁੰਚ ਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਭੇਂਟ ਕੀਤੀ।
‘ਦਿਲਗੀਰ’ ਕਲਮੀ ਨਾਮ ਹੇਠ ਲਿਖਣ ਵਾਲੇ ਸ਼ਾਇਰ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਪੰਦਰਾਂ ਸਾਲ ਤੋਂ ਪੰਜਾਬੀ ਕਵਿਤਾ ਪੜ੍ਹਦਾ ਤੇ ਲਿਖਦਾ ਆ ਰਿਹਾ ਹੈ ਪਰ ਉਸ ਦੇ ਮਨ ਦੇ ਬਹੁਤ ਕਰੀਬ ਤੁਹਾਡੀਆਂ ਕਵਿਤਾਵਾਂ ਤੇ ਗ਼ਜ਼ਲਾਂ ਸਨ। ਉਸ ਦੀ ਪੁਸਤਕ ਛਪਣ ਸਾਰ ਇਹ ਸੁਪਨਾ ਸੀ ਕਿ ਪਹਿਲੀ ਕਾਪੀ ਤੁਹਾਨੂੰ ਭੇਂਟ ਕਰਾਂ। ਮੇਰੀ ਰੀਝ ਅੱਜ ਪੂਰੀ ਹੋਈ ਹੈ।
ਦਿਲਗੀਰ ਨੇ ਦੱਸਿਆ ਕਿ ਉਸ ਦਾ ਬਚਪਨ ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਵਿੱਚ ਬੀਤਿਆ ਹੈ ਅਤੇ ਪੀ ਏ ਯੂ ਖੇਡ ਮੈਦਾਨ ਵਿੱਚ ਹੀ ਬਾਸਕਟਬਾਲ ਖੇਡਦਾ ਰਿਹਾ ਹੈ।
ਇਸ ਕਿਤਾਬ ਨੂੰ ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ ਵੱਲੋਂ ਡਾ਼ ਬਲਦੇਵ ਸਿੰਘ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਕਾਵਿ ਪੁਸਤਕ ਨੂੰ ਐਮਾਜ਼ੋਨ ਤੋਂ ਔਨਲਾਈਨ ਮੰਗਵਾਇਆ ਜਾ ਸਕਦਾ ਹੈ। ਡਾ਼ ਬਲਦੇਵ ਸਿੰਘ ਨੇ ਇਸ ਕਿਤਾਬ ਬਾਰੇ ਲਿਖਦਿਆਂ ਕਿਹਾ ਹੈ ਕਿ ਬਹੁਕੌਮੀ ਫਾਰਮੇਸੂਟੀਕਲ ਕੰਪਨੀ ਦਾ ਵੱਡਾ ਅਧਿਕਾਰੀ ਹੋਣ ਦੇ ਬਾਵਜੂਦ ਉਹ ਮਾਂ ਬੋਲੀ ਦਾ ਸਿਪਾਹੀ ਹੈ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲੇਖਕ ਦੀ ਭਾਵਨਾ ਦਾ ਸਤਿਕਾਰ ਕਰਦਿਆਂ ਕਿਹਾ ਕਿ ਗੁਰਬਾਣੀ, ਸੂਫ਼ੀ ਕਵਿਤਾ, ਕਿੱਸਾ ਕਵਿਤਾ ਦੇ ਨਾਲ ਨਾਲ ਸਭ ਨਵੇਂ ਲੇਖਕਾਂ ਨੂੰ ਨਵੀਂ ਪੰਜਾਬੀ ਕਵਿਤਾ ਦਾ ਸਿਲਸਿਲੇਵਾਰ ਅਧਿਐਨ ਲਗਾਤਾਰ ਕਰਨਾ ਚਾਹੀਦਾ ਹੈ ਤਾਂ ਜੋ ਕਾਵਿ ਸ਼ੈਲੀ ਵਿੱਚ ਨਵੇਂ ਪ੍ਰਗਟਾਏ ਅੰਦਾਜ਼ ਤੇ ਸ਼ਬਦ ਭੰਡਾਰ ਆਵੇ। ਆਪਣੀ ਵਿਰਾਸਤ ਦੇ ਨਾਲ ਨਾਲ ਲੇਖਕ ਨੂੰ ਵਰਤਮਾਨ ਤੇ ਭਵਿੱਖ ਮੁਖੀ ਦ੍ਰਿਸ਼ਟੀ ਦਾ ਗਿਆਨ ਹੋਣਾ ਚਾਹੀਦਾ ਹੈ ਤਾਂ ਜੋ ਲਖਕ ਤ੍ਰੈ ਕਾਲ ਮੁਖੀ ਸੋਚ ਨਾਲ ਸਾਰਥਕ ਸਿਰਜਣਾ ਕਰ ਸਕੇ। ਪ੍ਰੋੑ ਗਿੱਲ ਨੇ ਦਿਲਗੀਰ ਨੂੰ ਆਪਣੇ ਗ਼ਜ਼ਲ ਸੰਗ੍ਰਹਿ ਗੁਲਨਾਰ ਦੀ ਕਾਪੀ ਭੇਂਟ ਕੀਤੀ।