MOHALI : ਅਦਾਲਤ ਨੇ 14 ਸਾਲ ਪੁਰਾਣੇ ਮਾਮਲੇ ‘ਚ ਸਾਬਕਾ ਪੁਲਿਸ ਅਧਿਕਾਰੀ ਨੂੰ ਸੁਣਾਈ ਉਮਰ ਕੈਦ ਸਜ਼ਾ, ਲਗਾਇਆ 25 ਹਜ਼ਾਰ ਰੁਪਏ ਜ਼ੁਰਮਾਨਾ
ਚੰਡੀਗੜ੍ਹ, 1ਦਸੰਬਰ(ਵਿਸ਼ਵ ਵਾਰਤਾ) 14 ਸਾਲ ਪਹਿਲਾਂ 2010 ਵਿੱਚ ਗੁਰਦੀਪ ਸਿੰਘ ਜਿਸ ਦੀ ਉਮਰ ਉਸ ਵਕਤ 26 ਸਾਲ ਸੀ ਨੂੰ ਉਸ ਦੇ ਸਹੁਰੇ ਥਾਣੇਦਾਰ ਜਗਬੀਰ ਸਿੰਘ ਵੱਲੋਂ ਅਗਵਾ ਕਰਨ ਅਤੇ ਸਰਕਾਰੀ ਰਿਕਾਰਡ ਨਾਲ ਛੇੜ ਛਾੜ ਕਰਨ ਨੂੰ ਲੈ ਕੇ ਦੋਸ਼ੀ ਕਰਾਰ ਦਿੰਦੇ ਹੋਏ ਮੋਹਾਲੀ ਅਦਾਲਤ ਵੱਲੋਂ ਇੰਸਪੈਕਟਰ ਜਗਬੀਰ ਸਿੰਘ ਨੂੰ ਵੱਖ-ਵੱਖ ਧਾਰਾਵਾਂ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਫੇਜ਼ 11 ’ਚੋਂ ਲਾਪਤਾ ਹੋਏ ਗੁਰਦੀਪ ਸਿੰਘ ਮਾਮਲੇ ’ਚ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਸਾਬਕਾ ਪੁਲਿਸ ਅਧਿਕਾਰੀ ਜਗਵੀਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਅਤੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਦੀਪ ਸਿੰਘ ਦੀ ਮਾਤਾ ਭੁਪਿੰਦਰ ਕੌਰ ਵਾਸੀ ਪਿੰਡ ਕੁੰਭੜਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੇ ਲੜਕੇ ਗੁਰਦੀਪ ਸਿੰਘ ਦਾ ਵਿਆਹ ਜਸਪ੍ਰੀਤ ਕੌਰ ਵਾਸੀ ਫੇਜ਼ 11 ਨਾਲ 30 ਨਵੰਬਰ 2008 ਨੂੰ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਕਿਸੇ ਵਜ੍ਹਾ ਕਾਰਨ ਦੋਵਾਂ ਪਤੀ ਪਤਨੀ ਦਾ ਆਪਸ ’ਚ ਝਗੜਾ ਹੋਣ ਲੱਗ ਪਿਆ। ਲੜਕੀ ਦੇ ਪਰਿਵਾਰ ਵਲੋਂ ਲੜਕੇ ਪਰਿਵਾਰ ਵਿਰੁੱਧ ਫੇਜ਼ 8 ਦੇ ਥਾਣੇ ’ਚ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਗੁਰਦੀਪ ਸਿੰਘ ਦਾ ਆਪਣੇ ਸਹੁਰੇ ਪਰਿਵਾਰ ਨਾਲ ਜੁਬਾਨੀ ਫ਼ੈਸਲਾ ਹੋ ਗਿਆ, ਜਿਸ ਤੋਂ ਬਾਅਦ ਗੁਰਦੀਪ ਸਿੰਘ ਆਪਣੇ ਸਹੁਰੇ ਪਰਿਵਾਰ ਕੋਲ ਫੇਜ਼ 11 ਵਿਖੇ ਰਹਿਣ ਲੱਗ ਪਿਆ ਸੀ। ਸ਼ਿਕਾਇਤਕਰਤਾ ਮੁਤਾਬਕ ਉਨਾਂ ਦਾ ਲੜਕਾ ਗੁਰਦੀਪ ਕਈ ਵਾਰ ਉਨਾਂ ਦੇ ਕੋਲ ਘਰ ਆਉਂਦਾ ਸੀ ਪਰ ਇਸ ਕਾਰਨ ਗੁਰਦੀਪ ਦੀ ਪਤਨੀ ਇਤਰਾਜ਼ ਕਰਦੀ ਸੀ ਅਤੇ ਗੁਰਦੀਪ ਨੂੰ ਪਿੰਡ ਕੁੰਭੜਾ ਆਉਣ ਤੋਂ ਰੋਕਦੀ ਸੀ। 2010 ਵਿੱਚ ਜਗਬੀਰ ਸਿੰਘ ਵੱਲੋਂ ਆਪਣੇ ਜਵਾਈ ਗੁਰਦੀਪ ਸਿੰਘ ਨੂੰ ਉਕਸਾ ਕੇ ਸਿੰਘਪੁਰਾ ਬੁਲਾਇਆ ਗਿਆ ਅਤੇ ਲੜਾਈ ਝਗੜਾ ਕਰਨ ਉਪਰੰਤ ਉਸ ਨੂੰ ਅਗਵਾ ਕਰ ਲਿਆ ਗਿਆ। ਹਾਲਾਂਕਿ ਗੁਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲ ਦਾ ਕਹਿਣਾ ਹੈ ਕਿ ਜਗਬੀਰ ਸਿੰਘ ਵੱਲੋਂ ਉਨ੍ਹਾਂ ਦੇ ਪੁੱਤਰ ਗੁਰਦੀਪ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਹੈ ਪਰ ਇਸ ਗੱਲ ਦਾ ਕੋਈ ਵੀ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਸਕਿਆ। ਇਸ ਕਾਰਨ ਜਗਵੀਰ ਸਿੰਘ ਨੂੰ ਸਿਰਫ਼ ਅਗਵਾ ਅਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਨ ਦੀ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਜਾਣਕਾਰੀ ਅਨੁਸਾਰ ਉਕਤ ਅਦਾਲਤ ਵਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਬਕਾ ਪੁਲਿਸ ਅਧਿਕਾਰੀ ਜਗਵੀਰ ਸਿੰਘ ਨੂੰ ਧਾਰਾ 364 ’ਚ ਉਮਰ ਕੈਦ ਅਤੇ ਦਸ ਹਜ਼ਾਰ ਰੁਪਏ ਜ਼ੁਰਮਾਨਾ, ਧਾਰਾ 466 ’ਚ 7 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ, ਧਾਰਾ 471 ਵਿੱਚ 5 ਸਾਲ ਦੀ ਕੈਦ 5 ਹਜ਼ਾਰ ਰੁਪਏ ਜੁਰਮਾਨਾ, ਧਾਰਾ 474 ਵਿੱਚ 5 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ।ਨੌਜਵਾਨ ਗੁਰਦੀਪ ਸਿੰਘ ਦੀ ਮਾਂ ਭੁਪਿੰਦਰ ਕੌਰ ਅਦਾਲਤ ਦੇ ਇਸ ਫ਼ੈਸਲੇ ਤੋਂ ਸੰਤੁਸ਼ਟ ਨਜ਼ਰ ਆਈ ਅਤੇ ਫੁੱਟ ਫੁੱਟ ਕੇ ਮੋਹਾਲੀ ਅਦਾਲਤ ਵਿੱਚ ਰੋਣ ਲੱਗ ਪਈ ਕਿਉਂਕਿ 14 ਸਾਲ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਉਨ੍ਹਾਂ ਨੂੰ ਇਨਸਾਫ ਮਿਲਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/