Middle East War: ਜੰਗ ਨੂੰ ਲੈ ਕੇ ਈਰਾਨ ਨੇ ਦਿੱਤਾ ਵੱਡਾ ਬਿਆਨ, ਪੜ੍ਹੋ ਵੇਰਵਾ
ਨਵੀਂ ਦਿੱਲੀ, 24 ਮਾਰਚ 2026 (ਵਿਸ਼ਵ ਵਾਰਤਾ) – ਅਮਰੀਕਾ-ਇਸਰਾਈਲ ਅਤੇ ਈਰਾਨ ਵਿਚਕਾਰ ਲੱਗਭਗ ਇੱਕ ਮਹੀਨਾ ਹੋਣ ਵਾਲਾ ਹੈ ਅਤੇ ਅੱਜ ਜੰਗ ਦਾ 26ਵਾਂ ਦਿਨ ਹੈ। ਇਸ ਦੌਰਾਨ ਈਰਾਨ ਨੇ ਕਿਹਾ ਹੈ ਕਿ ਉਹ ਮੌਜੂਦਾ ਸੰਘਰਸ਼ ਵਿੱਚ ਪਿੱਛੇ ਨਹੀਂ ਹਟੇਗਾ ਅਤੇ ਆਪਣੇ ਨੁਕਸਾਨ ਦਾ ਮੁਆਵਜ਼ਾ ਪ੍ਰਾਪਤ ਹੋਣ ਤੱਕ ਜੰਗ ਜਾਰੀ ਰੱਖੇਗਾ। ਈਰਾਨ ਦੇ ਸੁਪਰੀਮ ਲੀਡਰ ਮੋਜਤਬਾ ਖਮੇਨੀ ਦੇ ਸੀਨੀਅਰ ਫੌਜੀ ਸਲਾਹਕਾਰ ਮੋਹਸੇਨ ਰੇਜ਼ਾਈ ਨੇ ਕਿਹਾ ਕਿ ਈਰਾਨ ਦੀਆਂ ਸ਼ਰਤਾਂ ਸਪੱਸ਼ਟ ਹਨ: ਸਾਰੀਆਂ ਆਰਥਿਕ ਪਾਬੰਦੀਆਂ ਹਟਾਉਣਾ ਅਤੇ ਅਮਰੀਕਾ ਵੱਲੋਂ ਇੱਕ ਪੱਕੀ ਗਾਰੰਟੀ ਕਿ ਭਵਿੱਖ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ।
ਰੇਜ਼ਾਈ ਨੇ ਇੱਕ ਟੈਲੀਵਿਜ਼ਨ ਬਿਆਨ ਵਿੱਚ ਕਿਹਾ ਕਿ ਈਰਾਨੀ ਫੌਜ ਪੂਰੀ ਤਾਕਤ ਨਾਲ ਕਾਰਵਾਈ ਕਰ ਰਹੀ ਹੈ ਅਤੇ ਦੇਸ਼ ਦੀ ਅਗਵਾਈ, ਨਵੇਂ ਸੁਪਰੀਮ ਲੀਡਰ ਦੀ ਅਗਵਾਈ ਵਿੱਚ, ਸਥਿਤੀ ਨੂੰ ਮਜ਼ਬੂਤੀ ਨਾਲ ਸੰਭਾਲ ਰਹੀ ਹੈ। ਇਸ ਤੋਂ ਪਹਿਲਾਂ, ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲੀਬਾਫ ਨੇ ਵੀ ਕਿਹਾ ਸੀ ਕਿ ਦੇਸ਼ ਦੇ ਲੋਕ ਹਮਲਾਵਰਾਂ ਲਈ ਪੂਰੀ ਸਜ਼ਾ ਦੀ ਮੰਗ ਕਰ ਰਹੇ ਹਨ।
ਇਸ ਤੋਂ ਟਰੰਪ ਨੇ ਈਰਾਨ ਨੂੰ ਹੋਰਮੁਜ਼ ਜਲਡਮਰੂ ਖੋਲ੍ਹਣ ਲਈ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ, ਕਹਿ ਸੀ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪਾਵਰ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਜਿਸ ਦੇ ਜਵਾਬ ‘ਚ ਈਰਾਨ ਨੇ ਧਮਕੀ ਦਿੱਤੀ ਕਿ ਜੇਕਰ ਉਸਦੇ ਪਾਵਰ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ ਗਿਆ, ਤਾਂ ਉਹ ਖਾੜੀ ਦੇਸ਼ਾਂ ਦੇ ਪਾਵਰ ਪਲਾਂਟਾਂ ਨੂੰ ਵੀ ਨਿਸ਼ਾਨਾ ਬਣਾਏਗਾ। ਜਿਸ ਤੋਂ ਬਾਅਦ ਹੁਣ ਟਰੰਪ ਨੇ ਕਿਹਾ ਹੈ ਕਿ ਈਰਾਨ ਦੇ ਪਾਵਰ ਪਲਾਂਟਾਂ ‘ਤੇ ਹਮਲਾ ਪੰਜ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫੈਸਲਾ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਤੋਂ ਬਾਅਦ ਲਿਆ ਗਿਆ।
ਈਰਾਨ ਨੇ ਕਿਸੇ ਵੀ ਗੱਲਬਾਤ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਤੇਲ ਦੀਆਂ ਕੀਮਤਾਂ ਘਟਾਉਣ ਲਈ ਅਜਿਹੀਆਂ ਟਿੱਪਣੀਆਂ ਕਰ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























