Mansa News: ਅਨਮੋਲ ਗਗਨ ਮਾਨ ਦੇ ਅਸਤੀਫ਼ੇ ਬਾਅਦ ਖੁਦ ਨੂੰ ਕੈਬਨਿਟ ’ਚੋਂ ਵਾਂਝਾ ਸਮਝਣ ਲੱਗੇ ਮਾਨਸਾ ਦੇ ਲੋਕ
ਮਾਨਸਾ 23 ਸਤੰਬਰ (ਵਿਸ਼ਵ ਵਾਰਤਾ):- ਅਨਮੋਲ ਗਗਨ ਮਾਨ ਦੇ ਅਸਤੀਫ਼ੇ ਬਾਅਦ ਮਾਨਸਾ ਦੇ ਲੋਕਾਂ ’ਚ ਨਿਰਾਸ਼ਾ ਫ਼ੈਲ ਗਈ ਹੈ। ਅਨਮੋਲ ਗਗਨ ਮਾਨ ਦੇ ਮਾਨਸਾ ਦੀ ਜੰਮਪਲ ਹੋਣ ਦੇ ਕਾਰਨ ਮਾਨਸਾ ਬਸ਼ਿੰਦਿਆਂ ਨੂੰ ਉਸ ਦੇ ਕੈਬਨਿਟ ‘ਚ ਜਾਣ ਕਾਰਨ ਮਾਣ ਸੀ, ਭਾਵੇਂਕਿ ਮੌਜੂਦਾ ਸਮੇਂ ਉਹ ਖਰੜ ਰਹਿ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਵਜ਼ਾਰਤ ’ਚ ਪੰਜ ਨਵੇਂ ਚਿਹਰੇ ਹਰਦੀਪ ਸਿੰਘ ਮੁੰਡੀਆ, ਵਰਿੰਦਰ ਕੁਮਾਰ ਗੋਇਲ, ਤਰਨਪ੍ਰੀਤ ਸਿੰਘ, ਡਾ. ਰਵਜੋਤ ਸਿੰਘ ਅਤੇ ਮਹਿੰਦਰ ਭਗਤ ਨੂੰ ਸ਼ਾਮਲ ਕਰਕੇ ਸਹੁੰ ਚੁਕਵਾਈ ਗਈ ਹੈ, ਜਦੋਂਕਿ ਚੇਤਨ ਸਿੰਘ ਜੌੜਾਮਾਜਰਾ , ਬ੍ਰਮ ਸ਼ੰਕਰ ਜਿੰਪਾ, ਬਲਕਾਰ ਸਿੰਘ ਤੇ ਅਨਮੋਲ ਗਗਨ ਮਾਨ ਦਾ ਅਸਤੀਫ਼ਾ ਲੈ ਲਿਆ ਗਿਆ ਹੈ।
ਕੈਬਨਿਟ ਮੰਤਰੀ ਜਦ ਉਸ ਨੂੰ ਬਣਾਇਆ ਗਿਆ ਸੀ ਤਾਂ ਮਾਨਸਾ ਦੇ ਬਸ਼ਿੰਦੇ ਖੁਸ਼ੀ ’ਚ ਖੀਵੇ ਹੋ ਗਏ ਸਨ, ਹੁਣ ਜਦ ਇਹ ਅਹੁਦਾ ਖੁੱਸਿਆ ਹੈ ਤਾਂ ਫ਼ਿਰ ਉਹ ਨਿਰਾਸ਼ ਹੋ ਗਏ ਹਨ। ਅਨਮੋਲ ਗਗਨ ਮਾਨ ਮਾਨਸਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਖਿੱਲਣ ਦੇ ਕਿਸਾਨ ਪਰਿਵਾਰ ਦੀ ਧੀ ਹੈ। ਇੱਕਵੀਂ ਸਦੀ ਦੇ ਪਹਿਲੇ ਦਹਾਕੇ ਅਨਮੋਲ ਦਾ ਪਰਿਵਾਰ ਖਰੜ ਜਾ ਕੇ ਵਸ ਗਿਆ ਅਤੇ ਜਦ ਅਨਮੋਲ ਗਗਨ ਮਾਨ ਦਾ ਗੀਤ ਮਾਰਕਿਟ ’ਚ ਆਇਆ ਤਾਂ ਚਾਰੇ ਪਾਸੇ ਧੁੰਮਾਂ ਪੈ ਗਈਆਂ। ਪਰ ਫ਼ਿਰ ਉਹ ਸਿਆਸਤ ’ਚ ਕੁੱਦ ਪਈ। ਉਹ ਆਮ ਆਦਮੀ ਪਾਰਟੀ ਦੀਆਂ ਕੌਮੀ ਪੱਧਰ ਦੀਆਂ ਸਰਗਰਮੀਆਂ ਵਿੱਚ ਸਰਗਰਮ ਹੋ ਗਈ। ਉਸ ਨੂੰ ਯੂਥ ਵਿੰਗ ਦੀ ਕੋ- ਕਨਵੀਨਰ ਬਣਾ ਦਿੱਤਾ। ਚੋਣਾਂ ਤੋਂ ਪਹਿਲਾਂ ਉਸ ਨੂੰ ਖਰੜ ਦਾ ਹਲਕਾ ਇੰਚਾਰਜ ਲਗਾ ਦਿੱਤਾ ਸੀ ਤੇ ਉਥੋਂ ਉਸ ਨੇ ਜਿੱਤ ਪ੍ਰਾਪਤ ਕੀਤੀ। ਪਰ ਹੁਣ ਮੰਤਰੀ ਮੰਡਲ ’ਚ ਹੋਏ ਫ਼ੇਰਬਦਲ ਦੇ ਪਹਿਲਾਂ ਅਨਮੋਲ ਗਗਨ ਮਾਨ ਨੇ ਅਸਤੀਫ਼ਾ ਦੇ ਦਿੱਤਾ। ਮਾਨਸਾ ਦੇ ਲੋਕਾਂ ਨੂੰ ਇੱਕ ਵਾਰ ਫ਼ਿਰ ਨਿਰਾਸ਼ਾ ਝੱਲਣੀ ਪਈ ਹੈ। ਇਸ ਦੇ ਪਹਿਲਾਂ ਮਾਨਸਾ ਹਲਕੇ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੂੰ ਮੰਤਰੀ ਬਣਾਇਆ ਗਿਆ ਸੀ, ਇਹ ਅਹੁਦਾ ਵੀ ਮਾਨਸਾ ਹਲਕੇ ’ਚੋਂ ਖੁੱਸ ਗਿਆ ਸੀ।