ਮਾਨ ਸਰਕਾਰ ਨੇ ਜਿਸ ਵਚਨਬੱਧਤਾ ਨਾਲ ਮਾਮਲਾ ਜਲਦੀ ਹੱਲ ਕੀਤਾ ਉਹ ਸ਼ਲਾਘਾਯੋਗ ਹੈ- ਨੀਲ ਗਰਗ
ਮੁੱਖ ਮੰਤਰੀ ਭਗਵੰਤ ਮਾਨ ਧਾਰਮਿਕ ਨਿਰਪੱਖਤਾ ਬਾਰੇ ਆਪਣੇ ਭਾਸ਼ਣਾਂ ਵਿੱਚ ਜਿਸ ਤਰ੍ਹਾਂ ਦੀ ਗੱਲਾਂ ਕਹਿੰਦੇ ਹਨ, ਅਸਲ ਵਿੱਚ ਵੀ ਉਹ ਅਜਿਹੇ ਹੀ ਹਨ – ਮਹੰਤ ਬੰਸ਼ੀ ਦਾਸ
ਚੰਡੀਗੜ੍ਹ, 23 ਅਗਸਤ (ਵਿਸ਼ਵ ਵਾਰਤਾ)-ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਸ਼ਿਵਲਿੰਗ ਦੀ ਬੇਅਦਬੀ ਮਾਮਲੇ ਨੂੰ ਪੰਜਾਬ ਪੁਲਿਸ ਵੱਲੋਂ ਜਲਦੀ ਸੁਲਝਾਉਣ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮੰਦਰ ਕਮੇਟੀ ਅਤੇ ਕਈ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਦੀਪਕ ਬਾਲੀ ਨੇ ਕਿਹਾ ਕਿ ਇਸ ਮਾਮਲੇ ਦੇ ਜਲਦੀ ਹੱਲ ਹੋਣ ਨਾਲ ਸਮੁੱਚੇ ਹਿੰਦੂ ਭਾਈਚਾਰੇ ਦਾ ਪੰਜਾਬ ਸਰਕਾਰ ਪ੍ਰਤੀ ਭਰੋਸਾ ਵਧਿਆ ਹੈ। ਸਮੁੱਚਾ ਹਿੰਦੂ ਭਾਈਚਾਰਾ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਮਾਮਲਾ ਹਿੰਦੂ ਸਮਾਜ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਸੀ, ਪਰ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਸਾਰੇ ਧਰਮਾਂ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਪਰ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਲੋਕਾਂ ਨੂੰ ਇਨਸਾਫ਼ ਦਿਵਾਇਆ।
‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਮਾਨ ਸਰਕਾਰ ਨੇ ਜਿਸ ਵਚਨਬੱਧਤਾ ਨਾਲ ਇਸ ਕੇਸ ਨੂੰ ਸੁਲਝਾਇਆ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਮੰਦਰ ਕਮੇਟੀ ਅਤੇ ਸੰਸਥਾ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ‘ਚ ਲੋਕਾਂ ਦਾ ਸਬਰ ਟੁੱਟ ਜਾਂਦਾ ਹੈ ਅਤੇ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ, ਪਰ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ, ਮੰਦਿਰ ਕਮੇਟੀ ਅਤੇ ਹਿੰਦੂ ਸੰਗਠਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ‘ਤੇ ਭਰੋਸਾ ਕਾਇਮ ਰੱਖਿਆ ਅਤੇ ਉਨ੍ਹਾਂ ਨੂੰ ਸਹਿਯੋਗ ਦਿੱਤਾ, ਇਸ ਲਈ ਉਹ ਧੰਨਵਾਦ ਦੇ ਹੱਕਦਾਰ ਹਨ।Mann Government
ਨੀਲ ਗਰਗ ਨੇ ਦੱਸਿਆ ਕਿ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਧਰਮ ਨਿਰਪੱਖਤਾ ਦੀ ਪੂਰੀ ਭਾਵਨਾ ਨਾਲ ਸਰਕਾਰ ਚਲਾ ਰਹੇ ਹਾਂ। ਸਾਡੇ ਲਈ ਹਿੰਦੂ-ਮੁਸਲਿਮ, ਸਿੱਖ-ਈਸਾਈ ਸਭ ਬਰਾਬਰ ਹਨ। ਪੰਜਾਬ ਵਿੱਚ ਨਫਰਤ ਦੀ ਰਾਜਨੀਤੀ ਨਹੀਂ ਹੋਣ ਦਿਆਂਗੇ। ਪੰਜਾਬ ਸਮਾਜਿਕ ਸਦਭਾਵਨਾ ਲਈ ਜਾਣਿਆ ਜਾਂਦਾ ਹੈ। ਇੱਥੋਂ ਦੇ ਲੋਕ ਈਦ, ਦੀਵਾਲੀ-ਹੋਲੀ ਅਤੇ ਗੁਰਪੁਰਬ ਇਕੱਠੇ ਮਿਲਕੇ ਮਨਾਉਂਦੇ ਹਨ, ਇਹ ਪੰਜਾਬ ਦੀ ਖ਼ੂਬਸੂਰਤੀ ਹੈ। ਨੀਲ ਗਰਗ ਨੇ ਕਿਹਾ ਕਿ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ ਕਿ ਉਕਤ ਮਾਮਲੇ ਵਿਚ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਾ ਜਾਵੇ।
ਸਾਰੇ ਹਿੰਦੂ ਸੰਗਠਨਾਂ ਦੇ ਆਗੂਆਂ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਮਹੰਤ ਬੰਸ਼ੀ ਦਾਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਤੋਂ ਬਾਅਦ ਸਾਨੂੰ ਸਾਫ਼ ਮਹਿਸੂਸ ਹੋਇਆ ਕਿ ਧਾਰਮਿਕ ਨਿਰਪੱਖਤਾ ਬਾਰੇ ਜਿਸ ਤਰ੍ਹਾਂ ਦੀ ਗੱਲਾਂ ਉਹ ਆਪਣੇ ਭਾਸ਼ਣਾਂ ਵਿੱਚ ਕਹਿੰਦੇ ਹਨ। ਅਸਲ ਵਿੱਚ ਵੀ ਉਹ ਅਜਿਹੇ ਹੀ ਹਨ। ਉਨ੍ਹਾਂ ਨਾਲ ਗੱਲ ਕਰਕੇ ਸਾਨੂੰ ਬਹੁਤ ਖੁਸੀ ਅਤੇ ਸੰਤੁਸ਼ਟੀ ਹੋਈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਜਿਸ ਤਰ੍ਹਾਂ ਦੂਜੇ ਰਾਜਾਂ ਤੋਂ ਮੁਲਜ਼ਮਾਂ ਨੂੰ ਫੜਿਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਇਸ ਨਾਲ ਹਿੰਦੂ ਸਮਾਜ ਦੇ ਲੋਕਾਂ ਦਾ ਮਨੋਬਲ ਵਧਿਆ ਹੈ। ਇਸ ਨਾਲ ਉਨ੍ਹਾਂ ਦਾ ਪੰਜਾਬ ਸਰਕਾਰ ਅਤੇ ਕਾਨੂੰਨ ਵਿਵਸਥਾ ‘ਤੇ ਭਰੋਸਾ ਵੀ ਵਧਿਆ ਹੈ। ਹੁਣ ਲੋਕਾਂ ਨੂੰ ਲੱਗਦਾ ਹੈ ਕਿ ਸੂਬੇ ਦੇ ਧਾਰਮਿਕ ਸਥਾਨ ਸੁਰੱਖਿਅਤ ਹਨ ਅਤੇ ਸਰਕਾਰ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ।