Manipur Violence : ਮਨੀਪੁਰ ਵਿੱਚ ਫਿਰ ਭੜਕੀ ਹਿੰਸਾ ;10 ਵਿਧਾਇਕਾਂ ਦੇ ਘਰਾਂ ‘ਤੇ ਹਮਲਾ
ਚੰਡੀਗੜ੍ਹ, 17ਨਵੰਬਰ(ਵਿਸ਼ਵ ਵਾਰਤਾ) ਮਨੀਪੁਰ ‘ਚ 3 ਔਰਤਾਂ ਅਤੇ 3 ਬੱਚਿਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਜਾਰੀ ਹਨ। ਇਸ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਪੁਰ ਵਿੱਚ ਚਾਰ ਰੈਲੀਆਂ ਰੱਦ ਕਰ ਦਿੱਤੀਆਂ ਹਨ ਅਤੇ ਦਿੱਲੀ ਪਰਤ ਆਏ ਹਨ। ਉਹ ਸੂਬੇ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਮੀਟਿੰਗ ਕਰਨਗੇ। ਇਸ ਦੇ ਨਾਲ ਹੀ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਮੁਖੀ ਅਨੀਸ਼ ਦਿਆਲ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਸੂਬਾ ਸਰਕਾਰ ਨੇ ਕੇਂਦਰ ਨੂੰ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (AFSPA) ਵਾਪਸ ਲੈਣ ਲਈ ਕਿਹਾ ਹੈ। ਹਿੰਸਾ ਦੇ ਕਾਰਨ, ਕੇਂਦਰ ਸਰਕਾਰ ਨੇ 14 ਨਵੰਬਰ ਨੂੰ ਇੰਫਾਲ ਪੱਛਮੀ, ਇੰਫਾਲ ਪੂਰਬੀ, ਜਿਰੀਬਾਮ, ਕਾਂਗਪੋਕਪੀ ਅਤੇ ਬਿਸ਼ਨੂਪੁਰ ਜ਼ਿਲਿਆਂ ਦੇ ਸੇਕਮਾਈ, ਲਾਮਸਾਂਗ, ਲਮਲਾਈ, ਜਿਰੀਬਾਮ, ਲੀਮਾਖੋਂਗ ਅਤੇ ਮੋਇਰਾਂਗ ਥਾਣਾ ਖੇਤਰਾਂ ਵਿੱਚ AFSPA ਨੂੰ ਲਗਾਇਆ ਗਿਆ ਸੀ। ਬੀਤੇ ਕੱਲ੍ਹ ਮੁੱਖ ਮੰਤਰੀ ਐਨ ਬੀਰੇਨ ਸਿੰਘ ਅਤੇ 10 ਵਿਧਾਇਕਾਂ ਦੇ ਘਰਾਂ ‘ਤੇ ਹਮਲਾ ਹੋਇਆ ਸੀ। ਵਿਗੜਦੀ ਸਥਿਤੀ ਨੂੰ ਦੇਖਦੇ ਹੋਏ 5 ਜ਼ਿਲ੍ਹਿਆਂ ‘ਚ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ 7 ਜ਼ਿਲਿਆਂ ‘ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/