*ਜਿਹੜੇ ਦਰੱਖਤ ਦੀ ਛਾਂ ਦੇ ਹੇਠ ਬੈਠੀਏ,ਉਸ ਦਰੱਖਤ ਨੂੰ ਕਦੇ ਵੀ ਵੱਢੀਦਾ ਨਹੀਂ!*
ਸ਼੍ਰਿਸ਼ਟੀ ਨੂੰ ਚਲਾਉਣ ਦੇ ਲਈ,ਪ੍ਰਕਿਰਤੀ ਦੇ ਕੁੱਝ ਨਿਯਮ ਹੁੰਦੇ ਹਨ।ਇਹੋ ਕਾਰਨ ਹੈ,ਕਿ ਇੰਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ,ਸੰਸਾਰ ਦੇ ਹਰ ਜੀਵ,ਜੰਤੂ,ਪਸ਼ੂ,ਪੰਛੀ,ਜਾਨਵਰ ਅਤੇ ਹਰ ਮਨੁੱਖ ਦਾ ਮੁੱਢਲਾ ਫਰਜ ਬਣ ਜਾਂਦਾ ਹੈ,ਤਾਂ ਕਿ ਇਸ ਸ੍ਰਿਸ਼ਟੀ ਨੂੰ ਸੁੰਦਰ ਅਤੇ ਸੁਹਾਵਣਾ ਬਣਾਇਆ ਜਾ ਸਕੇ ਅਤੇ ਇੱਥੇ ਰਹਿਣ ਵਾਲੇ ਹਰ ਪ੍ਰਾਣੀ ਦਾ ਜੀਵਨ ਖੁਸ਼ਹਾਲ ਹੋ ਸਕੇ।ਇੱਥੋਂ ਤੱਕ ਕਿ,ਹਰ ਪ੍ਰਾਣੀ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਕੇ,ਆਪਣੀ ਜਿੰਦਗੀ ਦਾ ਅਨੰਦ ਮਾਣ ਸਕੇ ਅਤੇ ਦੂਜੇ ਪ੍ਰਾਣੀਆਂ ਨੂੰ ਵੀ,ਆਪਣੀ ਜਿੰਦਗੀ ਜਿਉਣ ਚ ਕੋਈ ਦਿੱਕਤ ਨਾ ਆਵੇ।
ਜਿਸ ਤਰ੍ਹਾਂ,ਕੁਦਰਤ ਦੇ ਕੁੱਝ ਨਿਯਮ ਹੁੰਦੇ ਹਨ।ਉਸੇ ਤਰ੍ਹਾਂ ਮਨੁੱਖ ਦੀ ਜਿੰਦਗੀ ਨੂੰ ਵਧੀਆ ਅਤੇ ਅਨੰਦਮਈ ਬਨਾਉਣ ਲਈ ਵੀ,ਕੁੱਝ ਨਿਯਮ ਬਣਾਏ ਜਾਂਦੇ ਹਨ।ਜਿੰਨ੍ਹਾਂ ਨਿਯਮਾਂ ਦੀ ਪਾਲਣਾ ਕਰਕੇ, ਮਨੁੱਖ ਆਪਣੀ ਜਿੰਦਗੀ ਬੜੇ ਵਧੀਆ ਤਰੀਕੇ ਨਾਲ ਗੁਜਾਰ ਸਕਦਾ ਹੈ।ਅਗਰ ਕੋਈ ਵਿਅਕਤੀ,ਉਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ,ਤਾਂ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਤਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ।ਸਗੋਂ,ਉਹਦੇ ਇਰਦ ਗਿਰਦ ਰਹਿਣ ਵਾਲਿਆਂ ਨੂੰ ਵੀ ਪ੍ਰੇਸ਼ਾਨ ਹੋਣਾ ਪੈਂਦਾ ਹੈ।ਕਈ ਵਾਰ ਤਾਂ, ਇਹ ਉਲੰਘਣਾਵਾਂ ਐਨੀਆਂ ਭਿਆਨਕ ਹੋ ਨਿੱਬੜਦੀਆਂ ਹਨ,ਕਿ ਮਨੁੱਖ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ,ਬਿਨਾਂ ਕਸੂਰ ਤੋਂ ਹੀ ਇਸ ਚੀਜ ਦਾ ਸ਼ੰਤਾਪ ਭੋਗਣਾ ਪੈਂ ਜਾਂਦਾ ਹੈ।ਪਰ ਅਫਸੋਸ!ਕਿ ਆਪਣੇ ਆਪਨੂੰ ਲੋੜੋਂ ਵੱਧ ਸਿਆਣਾ ਅਤੇ ਚਲਾਕ ਸਮਝਣ ਵਾਲਾ ਮਨੁੱਖ,ਆਪਣੀਆਂ ਹੋਛੀਆਂ ਹਰਕਤਾਂ ਤੋਂ ਕਦੇ ਬਾਜ ਨਹੀਂ ਆਉਂਦਾ ਅਤੇ ਦੂਜਿਆਂ ਦੇ ਰਾਹਾਂ ਚ ਕੰਡੇ ਬੀਜ ਕੇ ਹੀ ਦਮ ਲੈਂਦਾ ਹੈ।
ਜਿਸ ਤਰ੍ਹਾਂ,ਲੋੜੋਂ ਵੱਧ ਹੱਸਣ ਵਾਲੇ ਨੂੰ ਗੰਵਾਰ ਅਤੇ ਜਿਆਦਾ ਚੁੱਪ ਰਹਿਣ ਵਾਲੇ ਨੂੰ ਸਨਕੀ ਆਖ ਦਿੱਤਾ ਜਾਂਦਾ ਹੈ।ਲੋੜ ਤੋਂ ਵੱਧ ਲੱਗੀ ਅੱਗ, ਭਿਆਨਕ ਤਬਾਹੀ ਨੂੰ ਜਨਮ ਦਿੰਦੀ ਹੈ।ਲੋੜ ਤੋਂ ਵੱਧ ਵਰਸਿਆ ਅਤੇ ਆਪ ਮੁਹਾਰਾ ਪਾਣੀ,ਹੜਾਂ ਨੂੰ ਜਨਮ ਦਿੰਦਾ ਹੈ।ਜਿਹੜਾ ਫਾਇਦੇ ਦੀ ਥਾਂ,ਨੁਕਸਾਨ ਹੀ ਕਰਦਾ ਹੈ।ਇਸੇ ਲਈ ਤਾਂ, ਗੁਰਬਾਣੀ ਚ ਫਰਮਾਇਆ ਗਿਆ ਹੈ,ਕਿ,
*ਅੱਤ ਨਾ ਬਹੁਤਾ ਬੋਲਣਾ,ਅੱਤ ਨਾ ਬਹੁਤੀ ਚੁੱਪ।ਅੱਤ ਨਾ ਬਹੁਤਾ ਖਾਣਾ,ਅੱਤ ਨਾ ਬਹੁਤੀ ਭੁੱਖ!*
ਭਾਵ ਕਿ ਲੋੜ ਤੋਂ ਜਿਆਦਾ ਹਰ ਚੀਜ਼ ਹੀ ਬੁਰੀ ਹੁੰਦੀ ਹੈ।ਇਸੇ ਤਰ੍ਹਾਂ,ਲੋੜ ਤੋਂ ਜਿਆਦਾ,ਚਲਾਕੀ ਵੀ ਬਹੁਤ ਬੁਰੀ ਹੁੰਦੀ ਹੈ।ਜਿਹੜੀ ਬੰਦੇ ਦਾ ਜੀਣਾ ਹਰਾਮ ਕਰ ਦਿੰਦੀ ਹੈ।
ਬੇਸੱਕ,ਹਰ ਨਿਯਮ ਮਨੁੱਖ ਦੀ ਬਿਹਤਰੀ ਲਈ ਹੀ ਬਣਿਆ ਹੁੰਦਾ ਹੈ,ਤਾਂ ਕਿ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਦਿਆਂ, ਮਨੁੱਖ ਨੂੰ ਆਪਣੀ ਜਿੰਦਗੀ ਜਿਉਣ ਲਈ,ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਬੇਸੱਕ,ਇਹ ਨਿਯਮ ਪਰਿਵਾਰਕ,ਸਮਾਜਿਕ ,ਸੰਵਿਧਾਨਿਕ ਜਾਂ ਫਿਰ ਕੁਦਰਤ ਦੇ ਹੀ ਕਿਉਂ ਨਾ ਬਣਾਏ ਹੋਣ।ਇਹ ਨਿਯਮ,ਕਾਨੂੰਨੀ ਜਾਂ ਫਿਰ ਨੈਤਿਕ ਤੌਰਤੇ ਹੀ ਲਾਗੂ ਹੁੰਦੇ ਹੋਣ।ਪਰ ਇੰਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ,ਮਨੁੱਖ ਲਈ ਹੀ ਸਭ ਤੋਂ ਵੱਧ ਫਾਇਦੇਮੰਦ ਸਾਬਤ ਹੁੰਦੀ ਹੈ।
ਬੇਸੱਕ,ਕਿਸੇ ਵੀ ਨਿਯਮ ਦੀ ਪਾਲਣਾ ਕਰਨ ਨਾਲ,ਹਰ ਕਿਸੇ ਨੂੰ ਹੀ ਫਾਇਦਾ ਹੁੰਦਾ ਹੈ।ਪਰ ਸਭ ਤੋਂ ਜਿਆਦਾ ਫਾਇਦਾ, ਮਨੁੱਖ ਨੂੰ ਹੀ ਹੁੰਦਾ ਹੈ।ਪਰ ਅਫਸੋਸ ਤਾਂ,ਉਸ ਵਕਤ ਹੁੰਦਾ ਹੈ,ਜਦੋਂ ਮਨੁੱਖ ਦੇ ਫਾਇਦੇ ਲਈ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਵਜਾਏ, ਮਨੁੱਖ ਹੀ ਸਭ ਤੋਂ ਜਿਆਦਾ ਉਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ।ਜਿਸਦੇ ਸਿੱਟੇ ਵਜੋਂ,ਮਨੁੱਖ ਆਪਣੇ ਪੈਰ ਤੇ ਆਪ ਹੀ ਕੁਹਾੜਾ ਮਾਰਦਾ ਹੈ ਅਤੇ ਆਪਣੀ ਬਰਬਾਦੀ ਦਾ ਮੁੱਢ, ਆਪ ਹੀ ਬੰਨ੍ਹ ਲੈਂਦਾ ਹੈ।ਪਰ ਜਦੋਂ ਮਨੁੱਖ ਦੀ ਅਜਿਹੀ ਚਲਾਕੀ ਜਾਂ ਫੁਕਰਾਪਣ,ਆਪਣਾ ਰੰਗ ਵਿਖਾਉਂਦਾ ਹੈ,ਤਾਂ ਤਬਾਹੀ ਅਤੇ ਪਛਤਾਵੇ ਤੋਂ ਸਿਵਾਏ,ਪੱਲ੍ਹੇ ਕੱਖ ਵੀ ਨਹੀਂ ਬਚਦਾ।ਪਰ ਉਸ ਵਕਤ,ਬੰਦਾ ਕੁੱਝ ਕਰਨ ਦੇ ਯੋਗ ਹੀ ਨਹੀਂ ਰਹਿੰਦਾ।ਕਿਉਂਕਿ, ਉਹਨੇ ਆਪਣੀ ਬੇੜੀ ਨੂੰ ਡੋਬਣ ਲਈ,ਆਪ ਹੀ ਤਾਂ ਵੱਟੇ ਪਾਏ ਹੁੰਦੇ ਹਨ।
ਮੁੱਕਦੀ ਗੱਲ ਤਾਂ ਇਹ ਹੈ,ਕਿ ਹਰ ਬੇਈਮਾਨ ਬੰਦੇ ਨੂੰ ਆਪਣੀ ਬੇਈਮਾਨੀ ਅਤੇ ਆਪਣੀ ਅਸਲੀਅਤ ਦਾ ਪਤਾ ਹੁੰਦਾ ਹੈ।ਇਹ ਗੱਲ ਵੱਖਰੀ ਹੈ,ਕਿ ਉਹ ਆਪਣੀ ਚਲਾਕੀ ਦੇ ਨਾਲ,ਕਈ ਵਾਰ ਦੂਜਿਆਂ ਨੂੰ ਮੂਰਖ ਬਨਾਉਣ ਚ ਸਫਲ ਹੋ ਜਾਂਦਾ ਹੈ।ਪਰ ਸਚਾਈ ਤਾਂ ਇਹ ਹੈ,ਕਿ ਜਿਸ ਤਰ੍ਹਾਂ,
*ਖੰਘ,ਇਸ਼ਕ ਅਤੇ ਮੁਸ਼ਕ!*
ਕਦੇ ਗੁੱਝੇ ਨਹੀਂ ਰਹਿੰਦੇ।ਇਸੇ ਤਰ੍ਹਾਂ,
ਬੇਈਮਾਨੀ ਅਤੇ ਚਲਾਕੀ ਵੀ ਕਦੇ ਛੁਪੀ ਨਹੀਂ ਰਹਿੰਦੀ।ਪਰ ਬੰਦਾ,ਆਪਣੀਆਂ ਚਲਾਕੀਆਂ ਤੋਂ ਕਦੇ ਬਾਜ ਨਹੀਂ ਆਉਂਦਾ।ਇਹੋ ਕਾਰਨ ਹੈ,ਕਿ ਲੋੜ ਤੋਂ ਜਿਆਦਾ ਚਲਾਕ ਬੰਦਾ,ਉਸੇ ਦਰੱਖਤ ਨੂੰ ਹੀ ਵੱਢ ਦਿੰਦਾ ਹੈ।ਜਿਸ ਦਰੱਖਤ ਦੀ ਉਹ ਛਾਂ ਮਾਣਦਾ ਹੈ।ਇਸੇ ਲਈ ਤਾਂ,ਸਿਆਣਿਆਂ ਨੇ ਕਿਹਾ ਹੈ,ਕਿ,*ਜਿਸ ਦਰੱਖਤ ਦਾ ਛਾਂ ਦੇ ਹੇਠ ਬੈਠੀਏ,ਉਸ ਦਰੱਖਤ ਨੂੰ ਕਦੇ ਵੀ ਵੱਢੀਦਾ ਨਹੀਂ!*
ਕਿਉਂਕਿ ਬਾਅਦ ਚ ਤਾਂ ਪੱਲ੍ਹੇ ਪਛਤਾਵਾ ਹੀ ਰਹਿ ਜਾਂਦਾ ਹੈ।
ਪੱਤਰਕਾਰ -ਬਲਜੀਤ ਸਿੰਘ ਹੁਸੈਨਪੁਰੀ