Malerkotla : ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ‘ਚ ‘ਆਪ’ ਵਿਧਾਇਕ ਨਰੇਸ਼ ਯਾਦਵ ਦੋਸ਼ੀ ਕਰਾਰ ; 2 ਸਾਲ ਦੀ ਸਜ਼ਾ
ਚੰਡੀਗੜ੍ਹ, 1ਦਸੰਬਰ(ਵਿਸ਼ਵ ਵਾਰਤਾ )ਦਿੱਲੀ ਦੇ ਮਹਿਰੋਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨਰੇਸ਼ ਯਾਦਵ ਨੂੰ ਬੀਤੇ ਕੱਲ੍ਹ 30ਨਵੰਬਰ (ਸ਼ਨੀਵਾਰ ਨੂੰ) ਮਲੇਰਕੋਟਲਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ 8 ਸਾਲ ਪੁਰਾਣੇ ਮਲੇਰਕੋਟਲਾ ਕੁਰਾਨ ਸ਼ਰੀਫ ਬੇਅਦਬੀ ਮਾਮਲੇ ’ਚ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਹੈ ਅਤੇ 11 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਅਦਾਲਤ ਦੇ ਹੁਕਮਾਂ ਤੋਂ ਤੁਰੰਤ ਬਾਅਦ ਯਾਦਵ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਨਰੇਸ਼ ਯਾਦਵ ਜਦੋਂ ਅਦਾਲਤ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਵਿਰੁੱਧ ਸਾਜ਼ਿਸ਼ ਘੜੀ ਜਾ ਗਈ ਹੈ। ਉਨ੍ਹਾਂ ਕਿਹਾ, ‘‘ਮੇਰੇ ਵਿਰੁੱਧ , ਆਮ ਆਦਮੀ ਪਾਰਟੀ ਦੇ ਵਿਰੁੱਧ ਸਾਜ਼ਿਸ਼ ਕਰੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵਿਰੁੱਧ ਬਦਲਾ ਲੈਣ ਦਾ ਕੇਸ ਹੈ। ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਇਹ ਕੇਸ ਕੀਤਾ ਗਿਆ ਸੀ।’’ ਇਸ ਤੋਂ ਪਹਿਲਾਂ ਮਾਰਚ 2021 ਵਿੱਚ ਨਰੇਸ਼ ਯਾਦਵ ਅਤੇ ਇੱਕ ਹੋਰ ਮੁਲਜ਼ਮ ਨੰਦ ਕਸੋਰ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ। ਦੱਸਣਯੋਗ ਹੈ ਕਿ 24 ਜੂਨ 2016 ਨੂੰ ਮਲੇਰਕੋਟਲਾ ਸ਼ਹਿਰ ਦੀ ਜਰਗ ਰੋਡ ਤੋਂ ਕੁਰਾਨ ਸ਼ਰੀਫ ਦੇ ਅੰਗ ਬਰਾਮਦ ਹੋਣ ਦੀ ਘਟਨਾ ਵਾਪਰੀ ਸੀ, ਜਿਸ ਕਾਰਨ ਪੂਰੇ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ। ਇਸ ਮਾਮਲੇ ਵਿੱਚ ਵਿਜੇ ਕੁਮਾਰ, ਨੰਦ ਕਿਸ਼ੋਰ ਅਤੇ ਗੌਰਵ ਕੁਮਾਰ ਸਮੇਤ ਦੋ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ‘ਆਪ’ ਵਿਧਾਇਕ ਨਰੇਸ਼ ਯਾਦਵ ਦਾ ਨਾਂ ਵੀ ਇਸ ਕੇਸ ‘ਚ ਸ਼ਾਮਲ ਕੀਤਾ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/