Maharashtra CM : ਦੇਵੇਂਦਰ ਫੜਨਵੀਸ ਅੱਜ ਤੀਜੀ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
ਚੰਡੀਗੜ੍ਹ, 5ਦਸੰਬਰ(ਵਿਸ਼ਵ ਵਾਰਤਾ) ਮਹਾਰਾਸ਼ਟਰ ‘ਚ ਚੋਣ ਨਤੀਜਿਆਂ ਤੋਂ 13 ਦਿਨ ਬਾਅਦ ਅੱਜ ਨਵੀਂ ਸਰਕਾਰ ਦਾ ਗਠਨ ਹੋ ਰਿਹਾ ਹੈ। ਸਹੁੰ ਚੁੱਕ ਸਮਾਗਮ ਅੱਜ ਸ਼ਾਮ 5:30 ਵਜੇ ਆਜ਼ਾਦ ਮੈਦਾਨ ਵਿੱਚ ਹੋਵੇਗਾ। ਦੇਵੇਂਦਰ ਫੜਨਵੀਸ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਐਨਸੀਪੀ ਨੇਤਾ ਅਜੀਤ ਪਵਾਰ ਛੇਵੀਂ ਵਾਰ ਉਪ ਮੁੱਖ ਮੰਤਰੀ ਬਣਨਗੇ। ਉਨ੍ਹਾਂ ਤੋਂ ਇਲਾਵਾ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਵੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇਪੀ ਨੱਡਾ ਸਮੇਤ ਕਈ ਭਾਜਪਾ ਨੇਤਾ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨੂੰ ਵੀ ਸੱਦਾ ਪੱਤਰ ਭੇਜੇ ਗਏ ਹਨ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਆਏ ਸਨ। ਮਹਾਯੁਤੀ ਯਾਨੀ ਭਾਜਪਾ-ਸ਼ਿਵ ਸੈਨਾ ਸ਼ਿੰਦੇ-ਐਨਸੀਪੀ ਪਵਾਰ ਨੂੰ 230 ਸੀਟਾਂ ਦਾ ਭਾਰੀ ਬਹੁਮਤ ਮਿਲਿਆ ਹੈ।
ਦੱਸਣਯੋਗ ਹੈ ਕਿ ਬੁੱਧਵਾਰ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ ਦੇਵੇਂਦਰ ਫੜਨਵੀਸ ਨੂੰ ਪਾਰਟੀ ਦਾ ਨੇਤਾ ਚੁਣਿਆ ਗਿਆ। ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਕੋਰ ਕਮੇਟੀ ਦੀ ਬੈਠਕ ‘ਚ ਦੇਵੇਂਦਰ ਫੜਨਵੀਸ ਦੇ ਨਾਂ ‘ਤੇ ਸਹਿਮਤੀ ਬਣੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੇਂਦਰੀ ਨਿਗਰਾਨ ਵਜੋਂ ਮੌਜੂਦ ਸਨ। ਫੜਨਵੀਸ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਫੜਨਵੀਸ ਨੇ ਸਾਰੇ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/