PUNJAB NEWS: ਵਿਧਾਇਕ ਬਲੂਆਣਾ ਤੇ ਡਿਪਟੀ ਕਮਿਸ਼ਨਰ ਨੇ ਪਿੰਡ ਪੱਤਰੇਵਾਲਾ ਵਿਖ਼ੇ ਬਣ ਰਹੇ ਨਹਿਰੀ ਪਾਣੀ ਤੇ ਅਧਾਰਿਤ ਆਧੁਨਿਕ ਜਲ ਸਪਲਾਈ ਪ੍ਰੋਜੈਕਟ ਦਾ ਕੀਤਾ ਦੌਰਾ
ਪੰਜਾਬ ਸਰਕਾਰ ਪਿੰਡਾਂ ਦੇ ਵਸਨੀਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹਈਆ ਕਰਵਾਉਣ ਲਈ ਵਚਨਵੱਧ -ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ
578 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਪ੍ਰੋਜੈਕਟ ਨਾਲ ਅਬੋਹਰ-ਬੱਲੂਆਣਾ ਹਲਕੇ ਦੇ 122 ਪਿੰਡਾਂ ਨੂੰ ਮਿਲੇਗਾ ਸਾਫ ਪੀਣ ਦਾ ਪਾਣੀ-ਡਿਪਟੀ ਕਮਿਸ਼ਨਰ
ਅਬੋਹਰ/ਫਾਜ਼ਿਲਕਾ 8 ਅਗਸਤ 2024 (ਵਿਸ਼ਵ ਵਾਰਤਾ):- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਬੋਹਰ ਅਤੇ ਬੱਲੂਆਣਾ ਹਲਕੇ ਨਾਲ ਸਬੰਧਤ ਲੋਕਾਂ ਨੂੰ ਸਾਫ ਪੀਣ ਯੋਗ ਪਾਣੀ ਦੀ ਸਪਲਾਈ ਮੁਹਈਆ ਕਰਵਾਉਣ ਲਈ ਪਿੰਡ ਪੱਤਰੇਵਾਲਾ ਵਿਖੇ ਨਹਿਰੀ ਪਾਣੀ ਤੇ ਅਧਾਰਿਤ ਆਧੁਨਿਕ ਜਲ ਸਪਲਾਈ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਅਧੀਨ 122 ਪਿੰਡਾਂ ਤੇ 15 ਢਾਣੀਆਂ ਨੂੰ ਕਵਰ ਕੀਤਾ ਜਾਵੇਗਾ|
ਇਹ ਜਾਣਕਾਰੀ ਵਿਧਾਇਕ ਬੱਲੂਆਣਾ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਅਤੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਸ ਪ੍ਰੋਜੈਕਟ ਦਾ ਦੌਰਾ ਕਰਕੇ ਜਾਇਜ਼ਾ ਲੈਣ ਮੌਕੇ ਕੀਤਾ।
ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕਿਹਾ ਕਿ
ਇਸ ਇਲਾਕੇ ਵਿੱਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ ਜਿਸ ਕਾਰਨ ਇੱਥੋਂ ਦੇ ਲੋਕਾਂ ਨੂੰ ਸਾਫ ਪੀਣ ਯੋਗ ਪਾਣੀ ਪ੍ਰਾਪਤੀ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਸਮੱਸਿਆ ਦੇ ਸਥਾਈ ਹੱਲ ਲਈ ਨਹਿਰੀ ਪਾਣੀ ਅਧਾਰਤ ਇਹ ਮੈਗਾ ਵਾਟਰ ਵਰਕਸ ਤਿਆਰ ਕਰਨ ਦਾ ਪ੍ਰੋਜੈਕਟ ਆਰੰਭ ਕੀਤਾ ਸੀ|
ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਬਣਨ ਨਾਲ ਲੋਕਾਂ ਨੂੰ ਸਾਫ ਪੀਣ ਦਾ ਪਾਣੀ ਮੁਹਈਆ ਹੋਵੇਗਾ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਾਫ ਪੀਣ ਵਾਲੇ ਪਾਣੀ ਮੁਹਈਆ ਕਰਵਾਉਣ ਲਈ ਮੈਗਾ ਪ੍ਰੋਜੈਕਟ ਉਲੀਕ ਰਹੀ ਹੈ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਬੇਹਦ ਚਿੰਤਿਤ ਹੈ|
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਪੀਣ ਦੀ ਸਪਲਾਈ ਲਈ ਪਾਣੀ ਗੰਗ ਕਨਾਲ ਤੋਂ ਲਿਆ ਜਾਵੇਗਾ ਅਤੇ ਇਸ ਦੀ ਸਮਰੱਥਾ 68 ਐਮ ਐਲ ਡੀ ਹੈ। ਇੱਥੇ ਪਾਣੀ ਨੂੰ ਸਾਫ ਕਰਕੇ ਅੱਗੋਂ ਪੂਰੇ ਇਲਾਕੇ ਦੇ ਪਿੰਡਾਂ ਤੱਕ ਪਾਈਪਾਂ ਰਾਹੀਂ ਸਪਲਾਈ ਕੀਤਾ ਜਾਵੇਗਾ। ਉਹਨਾਂ ਪ੍ਰੋਜੈਕਟ ਨੂੰ ਮੁਕੰਮਲ ਕਰਨ ਵਾਲੀ ਕੰਪਨੀ ਨੁਮਾਇੰਦਿਆਂ ਨੂੰ ਹਿਦਾਇਤ ਕੀਤੀ ਕਿ ਲੇਬਰ ਵਿੱਚ ਵਾਧਾ ਕਰਦੇ ਹੋਏ ਇਸ ਪ੍ਰੋਜੈਕਟ ਨੂੰ ਜਲਦ ਤੋ ਜਲਦ ਨੇਪਰੇ ਚਾੜਿਆ ਜਾਵੇ |
ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਜੈਕਟ ਤੋਂ ਅਬੋਹਰ, ਖੁਈਆਂ ਸਰਵਰ, ਅਰਨੀਵਾਲਾ ਅਤੇ ਫਾਜ਼ਿਲਕਾ ਦੇ ਪਿੰਡਾਂ ਤੇ ਢਾਣੀਆਂ ਨੂੰ ਪੀਣ ਯੋਗ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਇਸ ਤੋਂ ਹਾਲ ਦੀ ਘੜੀ 79,190 ਪਰਿਵਾਰਾਂ ਦੇ 4,75,144 ਲੋਕਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ ਪਰ ਇਹ ਪ੍ਰੋਜੈਕਟ 2054 ਵਿੱਚ ਇਸ ਇਲਾਕੇ ਦੀ ਅਨੁਮਾਨਤ ਆਬਾਦੀ 6 ਲੱਖ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ।
ਵਾਟਰ ਟਰੀਟਮੈਂਟ ਪਲਾਂਟ ਦਾ 70 ਫੀਸਦੀ ਤੋਂ ਜਿਆਦਾ ਕੰਮ ਮੁਕੰਮਲ ਹੋ ਚੁੱਕਾ ਹੈ। ਜਦੋਂ ਕਿ ਇਥੋਂ 439 ਕਿਲੋਮੀਟਰ ਲੰਬੀ ਪਾਈਪ ਵੱਖ-ਵੱਖ ਪਿੰਡਾਂ ਤੱਕ ਪਵੇਗੀ ਜਿਸ ਵਿੱਚੋਂ 329 ਕਿਲੋਮੀਟਰ ਪਾਈਪ ਪਾਈ ਜਾ ਚੁੱਕੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ, ਕਾਰਜਕਾਰੀ ਇੰਜਨੀਅਰ ਅੰਮ੍ਰਿਤ ਦੀਪ ਸਿੰਘ ਭੱਠਲ, ਐਸਡੀਓ ਰਤਨਜੋਤ ਸਿੰਘ ਹਾਜ਼ਰ ਸਨ।