Ludhiana News: ਗਿਆਨੀ ਭਗਤ ਸਿੰਘ ਵਰਗੇ ਤ੍ਰੈਕਾਲ ਦਰਸ਼ੀ ਪੁਰਸ਼ ਸਦੀਆਂ ਬਾਅਦ ਜੰਮਦੇ ਨੇ— ਪ੍ਰੋ. ਗੁਰਭਜਨ ਸਿੰਘ ਗਿੱਲ
ਗਿਆਨੀ ਭਗਤ ਸਿੰਘ ਜਨਮ – ਸ਼ਤਾਬਦੀ ਸਮਾਗਮ ਵਿੱਚ ਬਾਬਾ ਸੀਚੇਵਾਲ, ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ, ਸੰਤ ਅਮੀਰ ਸਿੰਘ ਜਵੱਦੀ ਟਕਸਾਲ, ਸੰਤ ਹਰੀ ਸਿੰਘ ਰੰਧਾਵੇ ਵਾਲੇ ਤੇ ਸੰਤ ਹਰਭਜਨ ਸਿੰਘ ਢੁੱਡੀਕੇ ਸਮੇਤ ਅਨੇਕਾਂ ਸਿੱਖਿਆ ਸ਼ਾਸਤਰੀ, ਗੁਣੀਜਨ, ਲੇਖਕ ਤੇ ਕਲਾਕਾਰ ਪੁੱਜੇ
ਲੁਧਿਆਣਾ 8 ਮਾਰਚ (ਵਿਸ਼ਵ ਵਾਰਤਾ):- ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਵੱਲੋਂ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਬਾਬਾ ਗੁਰਮੁਖ ਸਿੰਘ ਆਡੀਟੋਰੀਅਮ ਵਿੱਚ ਗੁਰੂ ਘਰ ਦੇ ਅਨਿੰਨ ਸੇਵਕ, ਕਿਰਤੀ ,ਪਰਉਪਕਾਰੀ ਅਤੇ ਸਿੱਖਿਆ – ਦਾਨੀ ਗਿਆਨੀ ਭਗਤ ਸਿੰਘ ਦੀ ਜਨਮ-ਸ਼ਤਾਬਦੀ ਨੂੰ ਸਮਰਪਿਤ ਸਮਾਗਮ ਵਿੱਚ ਕੌਂਸਲ ਦੇ ਪ੍ਰਧਾਨ ਕੇ ਉੱਘੇ ਲੇਖਕ ਸ: ਰਣਜੋਧ ਸਿੰਘ ਦੁਆਰਾ ਰਚਿਤ ਪੁਸਤਕ “ਭਗਤ ਮਾਲਾ ਦੇ 84 ਮਣਕੇ ” ਨੂੰ ਲੋਕ ਅਰਪਣ ਕੀਤਾ ਗਿਆ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਗਿਆਨੀ ਭਗਤ ਸਿੰਘ ਜੀ ਦੇ ਪਰਿਵਾਰ ਦੀਆਂ ਪੰਜ ਧੀਆਂ ਭੈਣਾਂ ਤੇ ਨੂੰਹਾਂ ਸਰਦਾਰਨੀ ਜਗਦੀਸ਼ ਕੌਰ, ਸਰਦਾਰਨੀ ਮਲਕੀਤ ਕੌਰ, ਸਰਦਾਰਨੀ ਬਲਵੰਤ ਕੌਰ, ਸਰਦਾਰਨੀ ਗੁਰਸ਼ਰਨ ਕੌਰ ਅਤੇ ਸਰਦਾਰਨੀ ਜਤਿੰਦਰ ਕੌਰ ਨੇ ਆਪਣੇ ਕਰ ਕਮਲਾਂ ਨਾਲ ਇਸ ਪੁਸਤਕ ਨੂੰ ਲੋਕ ਅਰਪਣ ਕੀਤਾ ।
ਗਿਆਨੀ ਭਗਤ ਸਿੰਘ ਦੇ ਜੀਵਨ ‘ਤੇ ਅਧਾਰਿਤ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ। ਇਸ ਮੌਕੇ ਕਾਲਜ ਦੀ ਸਲਾਨਾ ਮੈਗਜ਼ੀਨ “ਰੁੱਤ ਲੇਖਾ” ਦਾ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ। ਇਸ ਸ਼ੁੱਭ ਅਵਸਰ ‘ਤੇ ਗਿਆਨੀ ਭਗਤ ਸਿੰਘ ਜੀ ਦਾ ਪ੍ਰਸਿੱਧ ਚਿੱਤਰਕਾਰ ਰ ਮ ਸਿੰਘ ਵੱਲੋਂ ਤਿਆਰ ਖ਼ੂਬਸੂਰਤ ਪੋਰਟਰੇਟ ਵੀ ਰਿਲੀਜ਼ ਕੀਤਾ ਗਿਆ।
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ: ਰਣਜੋਧ ਸਿੰਘ ਨੇ ਇਸ ਵਿਸ਼ੇਸ਼ ਅਵਸਰ ‘ਤੇ ਪਹੁੰਚੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਸ.ਅਨੁਰਾਗ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ ,ਪ੍ਰੋ. ਰਣਜੀਤ ਸਿੰਘ( ਯੂ .ਐਸ. ਏ .)ਨੇ ਇਸ ਮਹਾਨ ਪੁਸਤਕ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਾਬਾ ਗੁਰਮੁਖ ਸਿੰਘ ਦੇ ਵੱਡੇ ਸਪੁੱਤਰ ਗਿਆਨੀ ਭਗਤ ਸਿੰਘ ਵਰਗੇ ਸਪੁੱਤਰ ਸਦੀਆਂ ਬਾਦ ਪੈਦਾ ਹੁੰਦੇ ਨੇ ਜੋ ਸੇਵਾ ਸਿਮਰਨ ਤੇ ਸਿੱਖਿਆ ਨੂੰ ਸਿਦਕ ਸਮਰਪਣ ਨਾਲ ਪੂਰੀ ਉਮਰ ਨਿਭਾਉਣ। ਉਹੀ ਵਿਰਾਸਤ ਰਣਜੋਧ ਸਿੰਘ ਅੱਗੇ ਲਿਜਾ ਰਿਹਾ ਹੈ।
ਇਸ ਮੌਕੇ ਪਰਮਾਰਥ ਪਾਂਧੀ ਸੰਤ ਗਿਆਨੀ ਹਰਭਜਨ ਸਿੰਘ ਜੀ(ਢੁੱਡੀਕੇ ),ਸੰਤ ਬਾਬਾ ਬਲਜਿੰਦਰ ਸਿੰਘ ਜੀ (ਰਾੜਾ ਸਾਹਿਬ ਵਾਲੇ )ਸੰਤ ਗਿਆਨੀ ਅਮੀਰ ਸਿੰਘ ਜੀ (ਜਵੱਦੀ ਟਕਸਾਲ, ਲੁਧਿਆਣਾ ) ਸੰਤ ਬਾਬਾ ਬਲਬੀਰ ਸਿੰਘ ਜੀ (ਸੀਚੇਵਾਲ ਐਮ.ਪੀ .) ਸੰਤ ਬਾਬਾ ਹਰੀ ਸਿੰਘ ਜੀ (ਰੰਧਾਵਾ ਵਾਲੇ) ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਸ .ਹਰਵਿੰਦਰ ਸਿੰਘ ਫੂਲਕਾ ਨੇ ਵੀ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ।
ਇਸ ਯਾਦਗਾਰੀ ਦਿਨ ‘ਤੇ ਸ: ਰ ਮ ਸਿੰਘ ਚੰਡੀਗੜ੍ਹ (ਪੋਰਟਰੇਟ ਆਰਟਿਸਟ ਐਂਡ ਸਿੱਖ ਹਿਸਟਰੀ )ਨੂੰ ਗਿਆਨੀ ਭਗਤ ਸਿੰਘ ਮੈਮੋਰੀਅਲ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਸ. ਰਣਜੋਧ ਸਿੰਘ ਜੀ ਨੇ ਆਪਣੇ ਪਿਤਾ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਉਹਨਾਂ ਦੇ ਲਈ ਭਾਵੁਕ ਪਲਾਂ ਦੇ ਨਾਲ ਭਰਿਆ ਹੋਇਆ ਹੈ । ਉਨ੍ਹਾਂ ਤੋਂ ਮਿਲੀ ਸਿੱਖਿਆ ਅਤੇ ਸੰਸਕਾਰਾਂ ਤੇ ਅਧਾਰਿਤ” ਭਗਤ ਮਾਲਾ ਦੇ ਚੁਰਾਸੀ ਮਣਕੇ” ਪੁਸਤਕ ਉਹਨਾਂ ਨੂੰ ਸਮਰਪਿਤ ਕਰਦਾ ਹਾਂ ਅਤੇ ਆਸ ਕਰਦਾ ਕਿ ਇਹ ਬਹੁ- ਮੁੱਲੇ ਗਿਆਨ ਦੇ ਮੋਤੀ ਸਾਡੇ ਸਾਰਿਆਂ ਦਾ ਮਾਰਗ ਦਰਸ਼ਨ ਕਰਨਗੇ। ਸੰਤ ਗਿਆਨੀ ਹਰਭਜਨ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਦੇ ਨਾਲ ਸਾਡੀ ਬਹੁਤ ਲੰਬੀ ਸਾਂਝ ਹੈ। ਇਸ ਪਿਆਰ ਅਤੇ ਸਨੇਹ ਦੇ ਰਿਸ਼ਤੇ ਵਿੱਚ ਮੈਂ ਦੇਖਿਆ ਹੈ ਕਿ ਕੋਈ ਵੀ ਅਜਿਹਾ ਦਿਨ ਨਹੀਂ ਹੋਵੇਗਾ ਜਦੋਂ ਇਹ ਪਰਿਵਾਰ ਕਿਸੇ ਨੇਕੀ ਦੇ ਕੰਮ ਤੋਂ ਪਿੱਛੇ ਹਟਿਆ ਹੋਵੇ । ਇਹ ਗਿਆਨੀ ਭਗਤ ਸਿੰਘ ਜੀ ਦੀ ਪਰਵਰਿਸ਼ ਤੇ ਅਸੂਲਾਂ ਦਾ ਪਰਿਣਾਮ ਹੈ। ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਖੁਸ਼ਕਿਸਮਤੀ ਦਾ ਦਿਨ ਹੈ ਕਿ ਅੱਜ ਅਸੀਂ ਉਹਨਾਂ ਦੀ ਜਨਮ ਸ਼ਤਾਬਦੀ ਮਨਾ ਰਹੇ ਹਾਂ। ਇਸ ਅਵਸਰ ‘ਤੇ ਕਾਲਜ ਵਿੱਚੋ ਸੇਵਾ ਮੁਕਤ ਹੋ ਚੁੱਕੇ ਪ੍ਰਿੰਸੀਪਲ ਡਾ. ਨਰਿੰਦਰ ਕੌਰ ਸੰਧੂ, ਡਾ. ਇੰਦਰਜੀਤ ਕੌਰ, ਡਾ. ਰਾਜੇਸ਼ਵਰਪਾਲ ਕੌਰ, ਡਾ. ਜਸਪਾਲ ਕੌਰ, ਤੋਂ ਇਲਾਵਾ ਅਧਿਆਪਕ ਸਾਹਿਬਾਨ , ਰਾਮਗੜ੍ਹੀਆ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ, ਪੰਥਕ ਜਥੇਬੰਦੀਆਂ, ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ , ਉਦਯੋਗਿਕ ,ਰਾਜਨੀਤਿਕ, ਸਮਾਜਿਕ ਖੇਤਰ ਦੀਆਂ ਸਿਰਮੌਰ ਹਸਤੀਆਂ ਜਥੇਦਾਰ ਹੀਰਾ ਸਿੰਘ ਗਾਬੜੀਆ, ਜਥੇਦਾਰ ਅਜੀਤ ਸਿੰਘ ਛਾਉਣੀ ਮੁਹੱਲਾ, ਹਰਚਰਨ ਸਿੰਘ ਗੋਹਲਵੜੀਆ ਸਾਬਕਾ ਮੇਅਰ, ਜਗਦੇਵ ਸਿੰਘ ਗੋਹਲਵੜੀਆ, ਗੁਰਚਰਨ ਸਿੰਘ ਲੋਟੇ ਜਨਰਲ ਸਕੱਤਰ, ਰਾਮਗੜੀਆ ਐਜੂਕੇਸ਼ਨ ਕੌਂਸਲ, ਜਸਬੀਰ ਸਿੰਘ ਰਿਆਤ, ਕ ਕ ਬਾਵਾ, ਚੇਅਰਮੈਨ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ, ਅਮਰਜੀਤ ਸਿੰਘ ਟਿੱਕਾ, ਸੀਨੀਅਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਗੁਰੂ ਨਾਨਕ ਪਬਲਿਕ ਸਕੂਲ ਦੀ ਸਾਬਕਾ ਪ੍ਰਿੰਸੀਪਲ ਕੁਲਵੰਤ ਕੌਰ ਵਿਰਦੀ, ਨਾਮਧਾਰੀ ਸੂਬਾ ਹਰਭਜਨ ਸਿੰਘ ਓਸਟਰ, ਭੁਪਿੰਦਰ ਮੱਲ੍ਹੀ (ਕੈਨੇਡਾ) ਰਾਕੇਸ਼ ਦਾਦਾ, ਤੇਜਪਰਤਾਪ ਸਿੰਘ ਸੰਧੂ, ਪ੍ਰਿੰਸੀਪਲ ਮਨਜਿੰਦਰ ਕੌਰ, ਕਰਮਦੀਪ ਸਿੰਘ ਵਿਰਦੀ,ਚਰਨਜੀਤ ਸਿੰਘ ਯੂ ਐੱਸ ਏ, ਪੰਜਾਬੀ ਲੇਖਕ ਡੀ ਐੱਮ ਸਿੰਘ, ਬਲਜੀਤ ਸਿੰਘ ਢਿੱਲੋਂ, ਆਰਟਿਸਟ ਬਬਲੀ ਸਿੰਘ, ਸਤਿਬੀਰ ਕੌਰ ਸੰਧੂ, ਗਿਆਨੀ ਭਗਤ ਸਿੰਘ ਜੀ ਦੀ ਨੂੰਹ ਸਰਦਾਰਨੀ ਰਾਜਿੰਦਰ ਕੌਰ, ਸ. ਮਲਕੀਤ ਸਿੰਘ ਔਲਖ,ਬਲਵਿੰਦਰ ਸਿੰਘ ਬੋਪਾਰਾਏ, ਮੁੱਖ ਸੰਪਾਦਕ ਜੁਝਾਰ ਟਾਈਮਜ਼ ਲੁਧਿਆਣਾ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ, ਦਲਜੀਤ ਬਾਗੀ, ਹਰਮੋਹਨ ਸਿੰਘ ਗੁੱਡੂ, ਅਤੇ ਸਮੂਹ ਰਾਮਗੜ੍ਹੀਆ ਭਾਈਚਾਰਾ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਇਆ। ਗਿਆਨੀ ਭਗਤ ਸਿੰਘ ਜੀ ਦੇ ਜੱਦੀ ਪਿੱਡ ਹੈਡੋਂ ਬੇਟ (ਮਾਛੀਵਾੜਾ) ਦੀ ਪੰਚਾਇਤ ਤੇ ਸੰਗਤ ਨੇ ਗਿਆਨੀ ਜੀ ਦੇ ਪੋਤਰੇ ਇੰਜ ਜਸਕਰਨ ਸਿੰਘ ਨੂੰ ਪਿੰਡ ਵੱਲੋਂ ਸਿਰੋਪਾਉ ਭੇਂਟ ਕਰਕੇ ਮਾਣ ਦਿੱਤਾ। ਅੰਤ ਵਿਚ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਸਰੋਤਿਆਂ ਨੂੰ “ਭਗਤ ਮਾਲਾ ਦੇ ਚੁਰਾਸੀ ਮਣਕੇ” ਪੁਸਤਕ ਭੇਟ ਕੀਤੀ ਗਈ। ਇਸ ਪੁਸਤਕ ਦਾ ਵਿਸ਼ੇਸ਼ ਐਡੀਸ਼ਨ ਬਹੁਤ ਖ਼ੂਬਸੂਰਤ ਅੰਦਾਜ਼ ਵਿੱਚ ਪਰਿੰਟਵੈੱਲ ਅੰਮ੍ਰਿਤਸਰ ਨੇ ਤਿਆਰ ਕੀਤਾ ਹੈ। ਸਮਾਗਮ ਨੂੰ ਯੂ ਟਿਊਬ ਲਈ ਮਾਲਵਾ ਟੀ ਵੀ ਨੇ ਰੀਕਾਰਡ ਕੀਤਾ। ਰੋਜ਼ਾਨਾ ਜੁਝਾਰ ਟਾਈਮਜ਼ ਦਾ ਵਿਸ਼ੇਸ਼ ਅੰਕ ਇਸ ਮੌਕੇ ਸਮੂਹ ਸਰੋਤਿਆਂ ਨੂੰ ਵੰਡਿਆ ਗਿਆ।