Ludhiana News : ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰੋ. ਜੀਤਪਾਲ ਸਿੰਘ ਸੰਧੂ ਦਾ ਕੈਲਗਰੀ (ਕੈਨੇਡਾ) ਵਿੱਚ ਦੇਹਾਂਤ
ਲੁਧਿਆਣਾਃ 7 ਜੁਲਾਈ(ਵਿਸ਼ਵ ਵਾਰਤਾ)Ludhiana News -ਪੰਜਾਬ ਤੇ ਚੰਡੀਗੜ੍ਹ ਕਾਲਿਜ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰੋ. ਜੀਤਪਾਲ ਸਿੰਘ ਸੰਧੂ ਦਾ ਕੈਲਗਰੀ(ਕੈਨੇਡਾ) ਵਿਖੇ ਦੇਹਾਂਤ ਹੋ ਗਿਆ ਹੈ। ਉਹ ਲਗਪਗ 82 ਵਰ੍ਹਿਆਂ ਦੇ ਸਨ।
ਅਕਾਲ ਡਿਗਰੀ ਕਾਲਿਜ ਮਸਤੂਆਣਾ ਸਾਹਿਬ(ਸੰਗਰੂਰ) ਤੋਂ 2002 ਵਿੱਚ ਸੇਵਾ ਮੁਕਤ ਹੋ ਕੇ ਉਹ ਆਪਣੇ ਬੱਚਿਆਂ ਕੋਲ ਕੈਨੇਡਾ ਵਿੱਚ ਰਹਿਣ ਲੱਗ ਪਏ ਸਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਉਨ੍ਹਾਂ ਦੇ ਕਾਲਿਜ ਸਾਥੀ ਪ੍ਰੋ. ਰਵਿੜਦਰ ਸਿੰਘ ਭੱਠਲ ਨੇ ਕਿਹਾ ਹੈ ਕਿ ਪ੍ਰੋ. ਜੀਤਪਾਲ ਸਿੰਘ ਸੰਧੂ ਨਿਡਰ ਤੇ ਸਪਸ਼ਟ ਪਹੁੰਚ ਵਾਲੇ ਕਾਲਿਜ ਅਧਿਆਪਕ ਆਗੂ ਸਨ ਜਿੰਨ੍ਹਾਂ ਨੇ ਪ੍ਰਾਈਵੇਟ ਕਾਲਿਜਾਂ ਨੂੰ 95 ਫੀ ਸਦੀ ਸਰਕਾਰੀ ਗਰਾਂਟ ਦਿਵਾਉਣ ਦਾ ਘੋਲ ਆਪਣੇ ਸਾਥੀਆਂ ਨਾਲ ਰਲ ਕੇ ਜਿੱਤਿਆ। ਸੇਵਾ ਸੁਰੱਖਿਆ ਨੇਮਾਵਲੀ ਤਿਆਰ ਕਰਵਾਉਣ ਵਿੱਚ ਵੀ ਉਨ੍ਹਾਂ ਦਾ ਵੱਡਾ ਹਿੱਸਾ ਸੀ। ਮੈਨੂੰ ਮਾਣ ਹੈ ਕਿ 1976 ਤੋਂ 1983 ਤੀਕ ਪ੍ਰਾਈਵੇਟ ਕਾਲਿਜਾਂ ਵਿੱਚ ਨੌਕਰੀ ਦੌਰਾਨ ਮੈਂ ਵੀ ਉਨ੍ਹਾਂ ਦਾ ਪਿਆਰ ਪਾਤਰ ਰਿਹਾ। ਉਹ ਪ੍ਰੋ. ਹਰਭਜਨ ਸਿੰਘ ਦਿਉਲ, ਪ੍ਰੋ. ਅਜੀਤ ਸਿੰਘ ਚੰਡੀਗੜ੍ਹ, ਪ੍ਰੋ. ਜਗਮੋਹਨ ਸਿੰਘ ਸਮਰਾਲਾ, ਪ੍ਰੋ. ਗੁਣਵੰਤ ਸਿੰਘ ਦੂਆ,ਪ੍ਰੋ. ਸੁਭਾਸ਼ ਕੁਮਾਰ ਤੇ ਪ੍ਰੋ. ਜਸਵੰਤ ਸਿੰਘ ਗਿੱਲ ਦੇ ਵਿਸ਼ਵਾਸਪਾਤਰ ਸਾਥੀ ਸਨ।
ਕੁਝ ਸਾਲ ਪਹਿਲਾਂ ਹੀ ਉਨ੍ਹਾਂ ਨਾਲ ਮੇਰੀ ਚੰਡੀਗੜ੍ਹ ਵਿੱਚ ਇੱਕ ਸ਼ਾਦੀ ਸਮਾਗਮ ਚ ਆਖ਼ਰੀ ਮੁਲਾਕਾਤ ਹੋਈ। ਪ੍ਰੋ. ਜੀਤਪਾਲ ਸਿੰਘ ਦੇ ਸੁਰਗਵਾਸ ਹੋਣ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਸਲਰ ਡਾ. ਸ ਪ ਸਿੰਘ ਨੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਪ੍ਰੋ. ਜੀਤਪਾਲ ਸਿੰਘ ਸੰਧੂ ਦੇ ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੇ ਬੇਟੇ ਦੇ ਮਿੱਤਰ ਸ. ਕੰਵਲਜੀਤ ਸਿੰਘ ਸ਼ੰਕਰ ਨੇ ਦੱਸਿਆ ਹੈ ਕਿ ਪ੍ਰੋ: ਜੀਤਪਾਲ ਸਿੰਘ ਸੰਧੂ (ਅਕਾਲ ਡਿਗਰੀ ਕਾਲਜ ਮਸਤੂਆਣਾ) 4 ਜੁਲਾਈ ਦਿਨ ਵੀਰਵਾਰ ਨੂੰ ਸਵੇਰ ਵੇਲ਼ੇ ਹਾਰਟ ਅਟੈਕ ਕਾਰਨ ਕੈਲਗਰੀ (ਕਨੇਡਾ) ਵਿਖੇ ਸਵਰਗਵਾਸ ਹੋ ਗਏ ਹਨ।
ਉਨਾਂ ਦਾ ਅੰਤਿਮ ਸੰਸਕਾਰ 13 ਜੁਲਾਈ ਦਿਨ ਸ਼ਨੀਵਾਰ ਨੂੰ ਕੰਟਰੀ ਹਿੱਲ ਸ਼ਮਸ਼ਾਨ ਘਰ(Country Hills Crematorium)ਤੇ ਅੰਤਿਮ ਅਰਦਾਸ Deshmuk Culture centre ਕੈਲਗਰੀ (ਕੈਨੇਡਾ)ਵਿਖੇ ਹੋਵੇਗੀ। ਪ੍ਰੋ. ਜੀਤਪਾਲ ਸਿੰਘ ਸੰਧੂ ਦਾ ਜੱਦੀ ਪਿੰਡ ਰੱਤਾ ਖੇੜਾ(ਫੀਰੋਜ਼ਪੁਰ) ਸੀ।
ਪ੍ਰੋ: ਜੀਤਪਾਲ ਸਿੰਘ ਸੰਧੂ ਸਾਹਿਬ ਸਰਦੀਆਂ ਦੇ 5-6 ਮਹੀਨੇ ਪਿੰਡ ਦਾਨਗੜ੍ਹ ਕੱਟਣ ਉਪਰੰਤ ਇਸ ਅਪਰੈਲ ਵਿੱਚ ਹੀ ਪੰਜਾਬ ਤੋਂ ਕਨੇਡਾ ਆਪਣੇ ਵੱਡੇ ਬੇਟੇ ਇੰਜ:ਨਵਜੀਤ ਸਿੰਘ ਸੰਧੂ ਕੋਲ਼ ਓਟਾਵਾ ਤੇ ਬੇਟੀ ਅਰਸ਼ਦੀਪ ਕੋਲ਼ ਟਰਾਂਟੋ ਪਹੁੰਚੇ ਸਨ ਤੇ ਹੁਣ 2 ਜੁਲਾਈ ਨੂੰ ਹੀ ਉਹ ਛੋਟੇ ਬੇਟੇ ਇੰਜ:ਰਿਪਨਜੀਤ ਸਿੰਘ ਸੰਧੂ ਕੋਲ਼ ਕੈਲਗਰੀ ਪਹੁੰਚੇ ਸਨ।
ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਨੂੰ ਵੀ ਬੁਲੰਦੀਆਂ ਤੇ ਲੈ ਜਾਣ ਵਿੱਚ ਵੀ ਇੰਨਾਂ ਦਾ ਬਹੁਤ ਯੋਗਦਾਨ ਰਿਹਾ। ਵਧੀਆ ਪ੍ਰਬੰਧਕ ਹੋਣ ਕਾਰਨ ਕਾਲਜ ਚ ਯੂਨੀਵਰਸਿਟੀ ਪੱਧਰ ਦੇ ਹਰ ਸਮਾਗਮ,ਸਲਾਨਾ ਅਥਲੈਟਿਕ ਮੀਟ,ਯੂਥ ਫੈਸਟੀਵਲ ਇੰਨਾਂ ਦੀ ਦੇਖ ਰੇਖ ਹੇਠ ਸੰਪੂਰਨ ਹੁੰਦਾ ਸੀ।
ਇੰਨਾਂ ਨੇ ਕਾਲਜ ਦੇ ਐੱਨ ਸੀ ਸੀ ਵਿੰਗ ਦੀ ਅਗਵਾਈ ਕੀਤੀ। ਆਪ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੀਆਂ ਕਈ ਸੰਸਥਾਵਾਂ ਦੇ ਮੈਂਬਰ ਤੇ ਸੈਨੇਟ ਦੇ ਮੈਂਬਰ ਰਹੇ ਸਨ। ਆਪਣੇ ਬੱਚਿਆਂ ਦੀ ਪੜਾਈ ਸਮੇਂ ਇੰਨ੍ਹਾਂ ਕਈ ਸਾਲ ਬਰਨਾਲ਼ੇ ਵੀ ਰਹਾਇਸ਼ ਰੱਖੀ,ਤਿੰਨੇ ਬੱਚਿਆਂ ਨੂੰ PPS ਨਾਭਾ,YPS ਪਟਿਆਲ਼ਾ ਵਿਖੇ ਪੜਾਇਆ। ਬਰਨਾਲ਼ਾ ਰਹਿੰਦਿਆਂ ਪ੍ਰੋ: ਸਾਹਿਬ ਬਹੁਤ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਰਹੇ ਹਨ, ਬਰਨਾਲ਼ੇ ਸ਼ਹਿਰ ਦੇ “ਬਰਨਾਲ਼ਾ ਕਲੱਬ” ਨੂੰ ਸਥਾਪਿਤ ਕਰਨ ਦੇ ਮੋਢੀਆਂ ਚੋਂ ਸਨ ਤੇ ਬਹੁਤ ਸਾਲ ਉਸ ਦੇ ਪਰਧਾਨ ਰਹੇ। ਸੰਗਰੂਰ, ਬਰਨਾਲ਼ੇ ਤੇ ਧਨੌਲੇ ਇਲਾਕੇ ਵਿਚ ਹਰ ਸਿਆਸੀ ਪਾਰਟੀ ਦੇ ਲੀਡਰ ਤੇ ਲੋਕਲ ਅਹੁਦੇਦਾਰ ਉਨਾਂ ਦਾ ਬਹੁਤ ਸਤਿਕਾਰ ਕਰਦੇ ਸਨ। ਉਨਾਂ ਦੇ ਦੋਸਤਾਂ ਤੇ ਸੁਭਚਿੰਤਕਾਂ ਦਾ ਇੱਕ ਵਿਸ਼ਾਲ ਦਾਇਰਾ ਸੀ, ਜਿੰਨਾਂ ਨਾਲ਼ ਉਹ ਹਮੇਸ਼ਾ ਸੰਪਰਕ ਚ ਰਹਿੰਦੇ ਸਨ। ਪ੍ਰੋ: ਸਾਹਿਬ ਕਨੇਡਾ ਰਹਿੰਦਿਆਂ ਹੋਇਆਂ ਵੀ ਹਮੇਸ਼ਾਂ ਪਿੰਡ ਦਾਨਗੜ੍ਹ ਅਤੇ ਆਪਣੇ ਸ਼ਰੀਕੇ ਕਬੀਲੇ ਨਾਲ਼ ਜੁੜੇ ਰਹੇ, ਉਹ ਪਿੰਡ ਦੇ ਹਰ ਵਸਨੀਕ ਦੇ ਦੁੱਖ ਸੁੱਖ ਸਮੇਂ ਸ਼ਰੀਕ ਹੁੰਦੇ ਸਨ। ਪਿੰਡ ਦੇ ਹਰ ਸਮਾਜ ਭਲਾਈ ਵਾਲ਼ੇ ਕਾਰਜ ਵਿੱਚ ਆਰਥਿਕ ਮੱਦਦ ਕਰਦੇ ਸਨ। ਸਮਸ਼ਾਨ ਘਾਟ ਚ ਪਾਏ ਸ਼ੈੱਡ ਚ ਭਰਵੀਂ ਆਰਥਿਕ ਸਹਾਇਤਾ ਕੀਤੀ। ਪ੍ਰੋ: ਸਾਹਿਬ ਨੇ ਪਿੰਡ ਦਾਨਗੜ੍ਹ ਵਿਖੇ ਸ਼ਹੀਦ ਬ੍ਰਿਗੇਡੀਅਰ ਬਲਵਿੰਦਰ ਸਿੰਘ ਸ਼ੇਰਗਿੱਲ ਪਾਰਕ ਨੂੰ ਸਥਾਪਿਤ ਕਰਨ ਚ ਵੀ ਅਹਿਮ ਰੋਲ ਨਿਭਾਇਆ ਸੀ। ਸੋ ਅੱਜ ਸਮੂਹ ਦਾਨਗੜ੍ਹ ਨਿਵਾਸੀ ਉਨਾਂ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੇ ਡੂੰਘਾ ਅਫਸੋਸ ਪ੍ਰਗਟ ਕਰ ਰਹੇ ਹਨ।