Ludhiana: ਟਾਇਰ ਫਟਣ ਕਾਰਨ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ
– ਹਾਦਸੇ ‘ਚ ਦੋ ਦੀ ਮੌਤ
ਲੁਧਿਆਣਾ, 25 ਮਾਰਚ 2026 (ਵਿਸ਼ਵ ਵਾਰਤਾ): ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਪਿੰਡ ਸ਼ੇਖੂਪੁਰਾ ਦੇ ਕੋਲ ਅੱਜ ਇਕ ਭਿਆਨਕ ਹਾਦਸਾ ਵਾਪਰਿਆ। ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 5 ਲੋਕ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਜਾਣਕਾਰੀ ਅਨੁਸਾਰ, ਮੋਗਾ ਵਾਲੇ ਪਾਸੇ ਤੋਂ ਲੁਧਿਆਣਾ ਆ ਰਹੀ ਰਿਟਜ਼ ਕਾਰ ਜਦੋਂ ਪਿੰਡ ਸ਼ੇਖੂਪੁਰਾ ਕੋਲ ਪਹੁੰਚੀ ਤਾਂ ਉਸ ਦਾ ਪਿਛਲਾ ਟਾਇਰ ਫਟ ਗਿਆ। ਟਾਇਰ ਫਟਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ, ਜਿਸ ਕਰਕੇ ਕਾਰ ਡਿਵਾਈਡਰ ਪਾਰ ਕਰਦੀ ਹੋਈ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਨਾਲ ਜਾ ਟਕਰਾਈ।
ਰਿਟਜ਼ ਕਾਰ ਵਿੱਚ ਸਵਾਰ ਹਰਸ਼ਦੀਪ ਸਿੰਘ ਅਤੇ ਦੇਵਕਰਨ ਸਿੰਘ, ਜੋ ਕਿ ਖੋਸਾ ਰਣਧੀਰ (ਲੁਧਿਆਣਾ) ਦੇ ਰਹਿਣ ਵਾਲੇ ਹਨ, ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉੱਥੇ ਹੀ, ਸਵਿਫਟ ਕਾਰ ਵਿੱਚ ਸਵਾਰ ਲਾਲਦੀਨ, ਸਿਰਜਦੀਨ, ਮਾਮੂਸੈਨ ਅਤੇ ਸ਼ਾਨੂ, ਜੋ ਕਿ ਤਾਜਪੁਰ ਰੋਡ, ਲੁਧਿਆਣਾ ਦੇ ਨਿਵਾਸੀ ਹਨ, ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਸਵਿਫਟ ਕਾਰ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਮੋਗਾ ਵਿੱਚ ਭੋਗ ‘ਤੇ ਜਾ ਰਹੇ ਸਨ। ਰਸਤੇ ਵਿੱਚ ਐਕਸੀਡੈਂਟ ਹੋ ਗਿਆ। ਮ੍ਰਿਤਕ ਸਿਰਜਦੀਨ ਆਪਣੇ ਪਿੱਛੇ 3 ਬੇਟੀਆਂ ਅਤੇ ਇੱਕ ਬੇਟਾ ਛੱਡ ਗਿਆ ਹੈ। ਜਦਕਿ, ਜ਼ਖ਼ਮੀਆਂ ਵਿੱਚ ਸ਼ਾਮਲ ਸਿਰਜਦੀਨ (30) ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਦੋਵੇਂ ਨੁਕਸਾਨੀਆਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/



















