Ludhiana ‘ਚ ਬਣਿਆ ਪੰਜਾਬ ਦਾ ਸਭ ਤੋਂ ਵੱਡਾ ਰਾਵਣ ; ਅੱਖਾਂ ਤੇ ਮੂੰਹ ‘ਚੋ ਨਿਕਲਣਗੇ ਚਿੰਗਿਆੜੇ
ਵਾਟਰਪਰੂਫ ਪੇਪਰ ਨਾਲ ਬਣੀ ਜੈਕਟ ਬਣੇਗੀ ਖਿੱਚ ਦਾ ਕੇਂਦਰ
ਲੁਧਿਆਣਾ, 12ਅਕਤੂਬਰ (ਵਿਸ਼ਵ ਵਾਰਤਾ): ਦੁਸਹਿਰੇ ‘ਤੇ ਲੁਧਿਆਣਾ ‘ਚ ਪੰਜਾਬ ਦਾ ਸਭ ਤੋਂ ਵੱਡਾ ਰਾਵਣ ਤਿਆਰ ਕੀਤਾ ਗਿਆ ਹੈ, ਜਿਸ ਨੂੰ ਅੱਜ ਸ਼ਾਮ ਭਗਵਾਨ ਰਾਮ ਅਗਨ ਭੇਂਟ ਕਰਨਗੇ। ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ ਰਾਵਣ ਦਾ ਇਹ ਪੁਤਲਾ ਫੂਕਿਆ ਜਾਵੇਗਾ। ਸ਼ਹਿਰ ਵਿੱਚ 10 ਥਾਵਾਂ ’ਤੇ ਦੁਸਹਿਰਾ ਮਨਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਲੁਧਿਆਣਾ ਦੇ ਦਰੇਸੀ ‘ਚ ਦੁਸਹਿਰੇ ‘ਤੇ ਸਭ ਤੋਂ ਵੱਡਾ ਜਸ਼ਨ ਹੋਵੇਗਾ। ਇਸ ਵਾਰ ਦਰੇਸੀ ਵਿੱਚ 125 ਫੁੱਟ ਉੱਚਾ ਰਾਵਣ ਪੁਤਲਾ ਬਣਾਇਆ ਗਿਆ ਹੈ, ਜਿਸ ਨੂੰ ਪੰਜਾਬ ਵਿੱਚ ਰਾਵਣ ਦਾ ਸਭ ਤੋਂ ਵੱਡਾ ਪੁਤਲਾ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲ ਦਰੇਸੀ ਵਿੱਚ 120 ਫੁੱਟ ਉੱਚਾ ਰਾਵਣ ਸਾੜਿਆ ਗਿਆ ਸੀ।
ਅੱਖਾਂ ਤੇ ਮੂੰਹ ‘ਚੋ ਨਿਕਲਣਗੇ ਚਿੰਗਿਆੜੇ
ਦਰੇਸੀ ਵਿੱਚ ਸਾੜੇ ਜਾਣ ਵਾਲੇ ਰਾਵਣ ਦੇ ਪੁਤਲੇ ਵਿੱਚ ਰਾਵਣ ਦੀ ਤਲਵਾਰ ਸਭ ਤੋਂ ਵੱਡੀ ਹੋਵੇਗੀ ਅਤੇ ਸਾੜਨ ਸਮੇਂ ਰਾਵਣ ਦੀ ਤਲਵਾਰ, ਅੱਖਾਂ ਅਤੇ ਮੂੰਹ ਵਿੱਚੋਂ ਚੰਗਿਆੜੀਆਂ ਨਿਕਲਣਗੀਆਂ। ਇਸ ਵਾਰ ਦੁਸਹਿਰਾ ਮੇਲੇ ਦੇ ਪ੍ਰਬੰਧਕਾਂ ਵੱਲੋਂ ਰਾਵਣ ਦੇ ਪੁਤਲੇ ਨੂੰ ਕਾਲੇ ਅਤੇ ਸੁਨਹਿਰੀ ਰੰਗਾਂ ਵਿੱਚ ਸਜਾਇਆ ਗਿਆ ਹੈ। ਰਾਵਣ ਦਾ ਦਹਨ ਰਿਮੋਟ ਨਾਲ ਕੀਤਾ ਜਾਵੇਗਾ। ਪ੍ਰਬੰਧਕਾਂ ਵੱਲੋਂ ਰਾਵਣ ਦਹਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।