LIFE : ਹੱਕਾਂ ਅਤੇ ਫ਼ਰਜ਼ਾਂ ਦੀ ਦੁਬਿਧਾ ‘ਚ ਫਸਿਆ,ਅਜੋਕੇ ਦੌਰ ਦਾ ਮਨੁੱਖ !
ਚੰਡੀਗੜ੍ਹ, 18ਫਰਵਰੀ(ਵਿਸ਼ਵ ਵਾਰਤਾ) LIFE : ਜਦੋਂ ਤੋਂ ਸ੍ਰਿਸ਼ਟੀ ਬਣੀ ਹੈ।ਉਦੋਂ ਤੋਂ ਹੀ ਹੱਕ ਤੇ ਫਰਜ਼ ਅਤੇ ਆਪਣੇ ਤੇ ਬੇਗਾਨੇ ਦੀ ਲੜਾਈ ਛਿੜੀ ਹੋਈ ਹੈ। ਮਨੁੱਖ ਤਾਂ ਕੀ,ਇਹ ਲੜਾਈ ਅਤੇ ਜੱਦੋਜਹਿਦ ਤਾਂ ਪਸ਼ੂ ਪੰਛੀਆਂ ਅਤੇ ਜਾਨਵਰਾਂ ਚ ਵੀ ਚੱਲਦੀ ਹੈ।
ਇਸ ਗੱਲ ਨੂੰ ਕੁਦਰਤ ਤਾਂ ਸਵੀਕਾਰ ਕਰਦੀ ਹੀ ਹੈ। ਸਗੋਂ ਸਮਾਜ ਵੀ ਹੱਕ ਤੇ ਫਰਜ਼ ਅਤੇ ਆਪਣੇ ਤੇ ਬੇਗਾਨੇ ਨੂੰ ਮਾਨਤਾ ਦਿੰਦਾ ਹੈ। ਇਹੋ ਕਾਰਨ ਹੈ,ਕਿ ਸਮਾਜ ‘ਚ ਆਪਣੇ ਤੇ ਬੇਗਾਨੇ ਦੀਆਂ,ਬਹੁਤ ਸਾਰੀਆਂ ਕਹਾਵਤਾਂ ਵੀ ਬਣੀਆਂ ਹੋਈਆਂ ਹਨ। ਜਿਸ ਤਰ੍ਹਾਂ,
ਆਪਣਾ ਮਾਰੂ, ਛਾਵੇਂ ਸੁੱਟੂ !
ਜਾਂ ਫਿਰ,
ਆਪਣਾ ਆਪਣਾ ਅਤੇ ਬੇਗਾਨਾ ਬੇਗਾਨਾ ਹੀ ਹੁੰਦਾ ਹੈ !
ਜਿਹੀਆਂ ਬਹੁਤ ਸਾਰੀਆਂ ਕਹਾਵਤਾਂ ਦਾ ਹਵਾਲਾ,ਲੋਕ ਅਕਸਰ ਹੀ ਦਿੰਦੇ ਰਹਿੰਦੇ ਹਨ।
ਇਸੇ ਤਰ੍ਹਾਂ,ਜਦੋਂ ਵੀ ਹੱਕ ਅਤੇ ਫਰਜ਼ ਦੀ ਗੱਲ ਚੱਲਦੀ ਹੈ,ਤਾਂ ਸਮਾਜਿਕ ਅਤੇ ਕ਼ਾਨੂੰਨੀ ਤੌਰਤੇ ਬਹੁਤ ਸਾਰੀਆਂ ਉਦਾਹਰਣਾਂ ਮਿਲ ਜਾਂਦੀਆਂ ਹਨ।
ਸਮਾਜ ਚ,ਇਹ ਹੱਕ ਅਤੇ ਫਰਜ਼ ਦੀ ਪ੍ਰਕਿਰਿਆ,ਪੀੜ੍ਹੀ ਦਰ ਪੀੜ੍ਹੀ ਚੱਲਦੀ ਹੀ ਰਹਿੰਦੀ ਹੈ।ਇਸੇ ਸਦਕਾ, ਮਾਪੇ ਆਪਣੇ ਬੱਚਿਆਂ ਨੂੰ ਸਿਰਫ ਜਨਮ ਹੀ ਨਹੀਂ ਦਿੰਦੇ,ਸਗੋਂ ਉਨ੍ਹਾਂ ਦਾ ਆਪਣੀ ਸਮਰੱਥਾ ਤੋਂ ਵੱਧਕੇ ਪਾਲਣ ਪੋਸ਼ਣ ਵੀ ਕਰਦੇ ਹਨ,ਜੋ ਕਿ ਉਨ੍ਹਾਂ ਦਾ ਫਰਜ਼ ਵੀ ਬਣਦਾ ਹੈ।ਇਸੇ ਤਰ੍ਹਾਂ, ਪਰਿਵਾਰਕ ਅਤੇ ਸਮਾਜਿਕ ਤੌਰਤੇ, ਬੁਢਾਪੇ ਚ ਆਪਣੇ ਮਾਪਿਆਂ ਦੀ ਦੇਖ ਭਾਲ ਅਤੇ ਉਨ੍ਹਾਂ ਦੀ ਸੇਵਾ ਕਰਨੀ,ਔਲਾਦ ਦਾ ਮੁੱਖ ਫ਼ਰਜ਼ ਵੀ ਬਣ ਜਾਂਦਾ ਹੈ।ਅਗਰ ਕੋਈ ਵਿਅਕਤੀ,ਆਪਣੇ ਫ਼ਰਜ਼ਾਂ ਦੀ ਪਾਲਣਾ ਸਹੀ ਤਰੀਕੇ ਨਾਲ ਨਹੀਂ ਕਰਦਾ,ਤਾਂ ਸਮਾਜ ਉਸ ਵਿਅਕਤੀ ਨੂੰ ਚੰਗੇ ਵਿਅਕਤੀ ਦੇ ਤੌਰਤੇ ਮਾਨਤਾ ਨਹੀਂ ਦਿੰਦਾ।
ਅਗਰ ਪਰਿਵਾਰ ਜਾਂ ਸਮਾਜ ਦਾ ਕੋਈ ਵਿਅਕਤੀ ਆਪਣੇ ਫ਼ਰਜ਼ਾਂ ਤੋਂ ਕੁਤਾਹੀ ਕਰਦਾ ਹੈ,ਤਾਂ ਉਹ ਆਪਣੇ ਹੱਕਾਂ ਦੀ ਮੰਗ ਵੀ ਨਹੀਂ ਕਰ ਸਕਦਾ। ਕਿਉਂਕਿ,ਹੱਕ ਅਤੇ ਫਰਜ਼,ਜੀਵਨ ਰੂਪੀ ਗੱਡੀ ਦੇ ਦੋ ਪਹੀਏ ਹੁੰਦੇ ਹਨ। ਜਿਹੜੇ ਜ਼ਿੰਦਗੀ ਭਰ ਨਾਲ 2 ਚੱਲਦੇ ਹਨ।ਇੱਕ ਤੋਂ ਬਿਨਾਂ,ਦੂਜੇ ਦੇ ਕੋਈ ਅਰਥ ਨਹੀਂ ਹੁੰਦੇ।ਇਹੋ ਕਾਰਨ ਹੈ,ਕਿ ਹਰ ਲੋਕਤੰਤ੍ਰਿਕ ਪ੍ਰਕਿਰਿਆ ਚ ਹੱਕਾਂ ਦੇ ਨਾਲ 2,ਫ਼ਰਜ਼ਾਂ ਦੀ ਪੂਰਤੀ ਕਰਨੀ ਵੀ ਜ਼ਰੂਰੀ ਹੁੰਦੀ ਹੈ।ਇਸੇ ਸਦਕਾ,ਭਾਰਤ ਦੇ ਸੰਵਿਧਾਨ ਚ,ਮੌਲਿਕ ਅਧਿਕਾਰਾਂ ਦੇ ਨਾਲ 2,ਮੌਲਿਕ ਕਰਤੱਵਾਂ ਦਾ ਪਾਲਣ ਕਰਨਾ ਵੀ ਜ਼ਰੂਰੀ ਹੋ ਗਿਆ ਹੈ,ਤਾਂ ਕਿ ਹਰ ਨਾਗਰਿਕ ਅਗਰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੈ,ਤਾਂ ਉਸਨੂੰ ਆਪਣੇ ਕਰਤੱਵਾਂ ਪ੍ਰਤੀ ਵੀ ਸੁਚੇਤ ਹੋਣਾ ਹੀ ਪਵੇਗਾ।
ਬੇਸ਼ੱਕ,ਕਾਨੂੰਨੀ ਰੂਪ ਚ,ਹੱਕਾਂ ਅਤੇ ਫ਼ਰਜ਼ਾਂ ਦਾ ਸੁਮੇਲ ਹੋਣਾ ਬੜਾ ਜ਼ਰੂਰੀ ਹੁੰਦਾ ਹੈ।ਪਰ ਪਤਾ ਨਹੀਂ, ਕੁਦਰਤ ਨੇ ਸ੍ਰਿਸ਼ਟੀ ਦੇ ਹਰ ਜੀਵ ਜੰਤੂ,ਪਸ਼ੂ ਪੰਛੀ,ਜਾਨਵਰ ਅਤੇ ਹਰ ਪ੍ਰਾਣੀ ਚ,ਆਪਣਿਆਂ ਪ੍ਰਤੀ ਮੋਹ ਦੀ ਚਿਣਗ ਜਿਹੀ ਕੁੱਝ ਜ਼ਿਆਦਾ ਹੀ ਪੈਦਾ ਕਰ ਦਿੱਤੀ ਹੈ,ਜਿਹੜੀ ਕਿ ਮਨੁੱਖ ਜਾਤੀ ਚ ਕੁੱਝ ਜ਼ਿਆਦਾ ਹੀ ਹੈ।ਇਹੋ ਕਾਰਨ ਹੈ,ਕਿ ਹਰ ਮਾਂ ਪਿਓ,ਆਪਣੀਆਂ ਖਾਹਿਸ਼ਾਂ ਨੂੰ ਮਾਰਕੇ,ਆਪਣੀ ਔਲਾਦ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ।ਆਪਣੀ ਔਲਾਦ ਦੀ ਖੁਸ਼ੀ ਲਈ,ਹਰ ਨੈਤਿਕ ਅਤੇ ਅਨੈਤਿਕ ਕੰਮ ਵੀ ਕਰਦਾ ਹੈ। ਇੱਥੋਂ ਤੱਕ,ਕਿ ਕਿਸੇ ਸੰਕਟ ਦੇ ਸਮੇਂ,ਹਰ ਮਾਂ ਪਿਓ ਆਪਣੀ ਔਲਾਦ ਲਈ,ਆਪਣੀ ਜਾਨ ਤੇ ਖੇਡਣ ਤੋਂ ਵੀ ਗੁਰੇਜ਼ ਨਹੀਂ ਕਰਦਾ।ਕਿਉਂਕਿ, ਕੁਦਰਤ ਨੇ ਮਾਪਿਆਂ ਦੇ ਦਿਲ ਚ, ਪਤਾ ਨਹੀਂ ਮੋਹ ਦੀ ਅਜਿਹੀ ਕਿਹੜੀ ਚਿੰਗਾੜੀ ਸੁਲਗਾਈ ਹੈ।ਜਿਹੜੀ ਆਪਣੀ ਔਲਾਦ ਲਈ,ਭਾਂਬੜ ਬਣਕੇ ਦੁਨੀਆਂ ਨੂੰ ਰਾਖ ਕਰਨ ਦਾ ਜੇਰਾ ਵੀ ਰੱਖਦੀ ਹੈ।
ਇਹੋ ਕਾਰਨ ਹੈ,ਕਿ ਦੁਨੀਆਦਾਰੀ ਦੇ ਚੱਲਦਿਆਂ,ਭਾਵੇਂ ਕੋਈ ਦੂਜਿਆਂ ਨੂੰ,ਹੱਕਾਂ ਅਤੇ ਫ਼ਰਜ਼ਾਂ ਤੇ ਪਹਿਰਾ ਦੇਣ ਲਈ,ਜਿੰਨੀਆਂ ਮਰਜ਼ੀ ਮੱਤਾਂ ਦੇਈਂ ਜਾਵੇ।ਪਰ ਜਦੋਂ ਕਦੇ ਵੀ,ਗੱਲ ਆਪਣਿਆਂ ਤੇ ਆਉਂਦੀ ਹੈ ਅਤੇ ਆਪਣੇ ਸਕੇ ਸੋਧਰੇ ਕਿਸੇ ਮੁਸੀਬਤ ਵਿੱਚ ਹੁੰਦੇ ਹਨ,ਤਾਂ ਮੋਹ ਦੀਆਂ ਤੰਦਾਂ ਐਨੀਆਂ ਪੀਡੀਆਂ ਹੋ ਜਾਂਦੀਆਂ ਹਨ,ਕਿ ਹਰ ਵਿਅਕਤੀ ਆਪਣਿਆਂ ਦਾ ਹੀ ਪੱਖ ਪੂਰਦਾ ਹੈ। ਭਾਵੇਂ ਉਹਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਹੁੰਦੀ ਹੈ,ਕਿ ਉਨ੍ਹਾਂ ਦਾ ਆਪਣਾ ਵਿਅਕਤੀ ਹੀ ਪੂਰੀ ਤਰ੍ਹਾਂ ਕਸੂਰਵਾਰ ਹੈ।ਪਰ ਮੋਹ ਦੀਆਂ ਤੰਦਾਂ, ਅਜਿਹੇ ਵਕਤ ਹਰ ਵਿਅਕਤੀ ਨੂੰ ਆਪਣੇ ਫਰਜ਼ ਤੋਂ ਮੂੰਹ ਮੋੜ ਲੈਣ ਨੂੰ ਮਜ਼ਬੂਰ ਕਰ ਦਿੰਦੀਆਂ ਹਨ।ਇਹੋ ਤਾਂ,ਮੋਹ ਮਾਇਆ ਦੀ ਕਰਾਮਾਤ ਹੁੰਦੀ ਹੈ।
ਪਰ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਅਗਰ ਕੋਈ ਇੱਕ ਵਿਅਕਤੀ ਲੋੜ ਤੋਂ ਵੱਧਕੇ, ਕਿਸੇ ਤੋਂ ਜਾਨ ਨਿਛਾਵਰ ਕਰਨ ਦੀ ਕੋਸ਼ਿਸ਼ ਕਰਦਾ ਹੈ,ਤਾਂ ਉਹ ਵੀ ਦੂਜਿਆਂ ਤੋਂ ਅਜਿਹੀ ਆਸ ਜ਼ਰੂਰ ਰੱਖਦਾ ਹੈ।ਕਿਉਂਕਿ,ਆਖਰ ਉਹ ਵੀ ਤਾਂ ਇਨਸਾਨ ਹੀ ਹੈ।ਜਿਸ ਦੀਆਂ ਕੁੱਝ ਲੋੜਾਂ ਅਤੇ ਕੁੱਝ ਭਾਵਨਾਵਾਂ ਹੁੰਦੀਆਂ ਹਨ।ਪਰ ਜਦੋਂ ਕੋਈ ਉਹਦਾ ਆਪਣਾ,ਉਹਦੀਆਂ ਇਛਾਵਾਂ ਤੇ ਖਰਾ ਨਹੀਂ ਉੱਤਰਦਾ,ਤਾਂ ਉਹ ਵਿਅਕਤੀ ਕਦੇ ਦੂਜਿਆਂ ਨੂੰ ਅਤੇ ਕਦੇ ਆਪਣੇ ਆਪਨੂੰ ਕੋਸਦਾ ਹੈ।ਆਪਣੇ ਆਪਨੂੰ, ਲੋੜੋਂ ਵੱਧ ਪ੍ਰੇਸ਼ਾਨ ਕਰੀ ਰੱਖਦਾ ਹੈ। ਕਿਉਂਕਿ ਉਸਨੂੰ,ਆਪਣਿਆਂ ਤੋਂ ਬਹੁਤ ਜ਼ਿਆਦਾ ਉਮੀਦਾਂ ਹੁੰਦੀਆਂ ਹਨ। ਇਸੇ ਲਈ ਤਾਂ,ਸਿਆਣਿਆਂ ਨੇ ਕਿਹਾ ਹੈ,ਕਿ,
ਨੇਕੀ ਕਰ,ਕੂਏ ਮੇਂ ਡਾਲ!
ਜੋ ਕਿ ਮਨੁੱਖ ਨੂੰ,ਜ਼ਿੰਦਗੀ ਚ ਹਰ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਾਉਂਦਾ ਹੈ।ਪਰ ਮਨੁੱਖ ਲਈ,ਅਜਿਹੀਆਂ ਗੱਲਾਂ ਤੇ ਅਮਲ ਕਰਨਾ,ਕੋਈ ਸੌਖਾ ਕੰਮ ਨਹੀਂ ਹੁੰਦਾ। ਮੁੱਕਦੀ ਗੱਲ ਤਾਂ ਇਹ ਹੈ,ਕਿ ਅਜੋਕੇ ਦੌਰ ਚ ਕੋਈ ਕਿਸੇ ਦੀ ਪ੍ਰਵਾਹ ਨਹੀਂ ਕਰਦਾ।ਕਿਉਂਕਿ,ਅੱਜ ਦੀ ਨੌਜਵਾਨ ਪੀੜ੍ਹੀ ਨੂੰ,ਪਰਿਵਾਰਕ ਸੰਸਕਾਰਾਂ ਦੀ ਗੁੜ੍ਹਤੀ ਹੀ ਨਹੀਂ ਮਿਲੀ ਹੁੰਦੀ।ਅਜੋਕੇ ਦੌਰ ਦੇ,ਕੁੱਝ ਤਾਂ ਕੰਮ ਧੰਦਿਆਂ ਅਤੇ ਕੁੱਝ ਵਿਗਿਆਨਕ ਤਰੱਕੀ ਨੇ,ਹਾਲਾਤ ਹੀ ਅਜਿਹੇ ਬਣਾ ਦਿੱਤੇ ਹਨ,ਕਿ ਹਰ ਵਿਅਕਤੀ ਦੀ ਇੱਕ ਦੂਜੇ ਤੇ ਨਿਰਭਰਤਾ ਘਟ ਗਈ ਹੈ।ਪਰਿਵਾਰ ਛੋਟੇ ਹੋ ਰਹੇ ਹਨ ਅਤੇ ਸਾਂਝੇ ਪਰਿਵਾਰ ਟੁੱਟਣ ਦੇ ਸਦਕਾ ਵੀ,ਅਜਿਹੇ ਹਾਲਾਤ ਬਣ ਰਹੇ ਹਨ।ਵੈਸੇ ਵੀ,ਦੂਜਿਆਂ ਨੂੰ ਕੋਈ ਚੰਗੀ ਸਿੱਖਿਆ ਜਾਂ ਉਦਾਹਰਣ ਦੇਣ ਤੋਂ ਪਹਿਲਾਂ,ਆਪ ਉਹੋ ਜਿਹੀ ਉਦਾਹਰਣ ਜ਼ਰੂਰ ਬਣਨਾ ਪੈਂਦਾ ਹੈ। ਪਰ ਅਫਸੋਸ!ਕਿ ਲੋਕ ਆਪਣੀਆਂ ਗਲਤੀਆਂ ਦੀ ਪ੍ਰਵਾਹ ਨਹੀਂ ਕਰਦੇ,ਪਰ ਦੂਜਿਆਂ ਦੀਆਂ ਗਲਤੀਆਂ ਨੂੰ ਗਿਨਾਉਣ ਲੱਗ ਪੈਂਦੇ ਹਨ।ਆਪ ਆਪਣੇ ਬਜ਼ੁਰਗਾਂ ਦੀ ਸੇਵਾ ਨਹੀਂ ਕਰਦੇ।ਪਰ ਆਪਣੇ ਬੱਚਿਆਂ ਤੋਂ,ਆਪਣੀ ਸੇਵਾ ਦੀ ਉਮੀਦ ਜ਼ਰੂਰ ਰੱਖਦੇ ਹਨ।ਜਦੋਂ ਕਿ,ਹਰ ਵਿਅਕਤੀ ਨੂੰ ਆਪਣੇ ਹੱਕਾਂ ਤੋਂ ਪਹਿਲਾਂ,ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨੀ ਜਰੂਰੀ ਹੁੰਦੀ ਹੈ।ਦੂਜੇ ਦੇ ਔਗੁਣਾਂ ਨੂੰ ਗਿਨਾਉਣ ਤੋਂ ਪਹਿਲਾਂ, ਆਪਣੀ ਪੀੜ੍ਹੀ ਹੇਠ ਸੋਟਾ ਮਾਰ ਲੈਣਾ ਚਾਹੀਦਾ ਹੈ।ਜ਼ਿੰਦਗੀ ਖੁਸ਼ਗਵਾਰ ਅਤੇ ਵਧੀਆ ਲੰਘ ਜਾਂਦੀ ਹੈ।
ਪੱਤਰਕਾਰ –ਬਲਜੀਤ ਸਿੰਘ ਹੁਸੈਨਪੁਰਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/