Lehragaga News: ਅਣ-ਕਿਆਸੀਆਂ ਮੌਸਮੀ ਤਬਦੀਲੀਆਂ ਮਨੁੱਖ ਦੀਆਂ ਕੁਦਰਤ ਵਿਰੁੱਧ ਕਿਰਿਆਵਾਂ ਦਾ ਸਿੱਟਾ – ਐਡਵੋਕੇਟ ਹਰਮਿੰਦਰ ਢਿੱਲੋਂ
ਦੋ ਡਿਗਰੀ ਤਾਪਮਾਨ ਦਾ ਹੋਰ ਵਾਧਾ ਮਨੁੱਖੀ ਜੀਵਨ ਨੂੰ ਵਿਨਾਸ਼ ਵੱਲ ਲੈ ਜਾਵੇਗਾ – ਢਿੱਲੋਂ
ਸੀਬਾ ਸਕੂਲ ‘ਚ ਖਪਤ ਸੱਭਿਆਚਾਰ ਅਤੇ ਵਾਤਾਵਰਨ ਦਾ ਸੰਕਟ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ
ਲਹਿਰਾਗਾਗਾ, 20 ਫਰਵਰੀ (ਵਿਸ਼ਵ ਵਾਰਤਾ):- ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ‘ਖਪਤ ਸੱਭਿਆਚਾਰ ਅਤੇ ਵਾਤਾਵਰਨ ਦਾ ਸੰਕਟ’ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੌਰਾਨ ਮੁੱਖ ਬੁਲਾਰੇ ਵਜੋਂ ਪਹੁੰਚੇ ਵਾਤਾਵਰਨ ਮਾਹਿਰ ਅਤੇ ‘ ਦ੍ਰਿਸ਼ਟੀ-ਪੰਜਾਬ’ ਦੇ ਸੰਸਥਾਪਕ ਐਡਵੋਕੇਟ ਹਰਮਿੰਦਰ ਢਿੱਲੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਨ ਵਿੱਚ ਕੁਦਰਤੀ ਉਤਰਾਅ-ਚੜਾਅ ਆਉਂਦੇ ਹਨ, ਪਰ ਤਾਪਮਾਨ ਹੁਣ ਕਈ ਗੁਣਾ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਗਲੋਬਲ-ਵਾਰਮਿੰਗ ਦਾ ਧਰਤੀ ‘ਤੇ ਵਿਨਾਸ਼ਕਾਰੀ ਪ੍ਰਭਾਵ ਪੈ ਸਕਦਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਲਵਾਯੂ ਤਬਦੀਲੀ ਦਾ ਮਨੁੱਖੀ ਜੀਵਨ ‘ਤੇ ਕੀ ਪ੍ਰਭਾਵ ਪਵੇਗਾ। ਜੇਕਰ ਜਲਵਾਯੂ ਦਾ ਤਾਪਮਾਨ ਡੇਢ ਡਿਗਰੀ ਵਧਦਾ ਹੈ ਤਾਂ ਇਸ ਦਾ ਮੌਸਮ ‘ਤੇ 10-15 ਡਿਗਰੀ ‘ਤੇ ਫਰਕ ਪਵੇਗਾ। ਉਨ੍ਹਾਂ ਕਿਹਾ ਕਿ ਹਿਮਾਚਲ ‘ਚ ਜਲਵਾਯੂ ਤਬਦੀਲੀ ਦੇ ਵਿਨਾਸ਼ ਸ਼ੁਰੂਆਤ ਹੋਈ ਹੈ ਅਤੇ ਇਹ ਆਉਣ ਵਾਲੇ 100-200 ਸਾਲ ਚੱਲੇਗੀ। ਹਿਮਾਚਲ ਪ੍ਰਦੇਸ਼ ‘ਚ ਸੇਬ ਉਤਪਾਦਨ ‘ਤੇ ਜਲਵਾਯੂ ਪਰਿਵਰਤਨ ਦਾ ਵੱਡਾ ਪ੍ਰਭਾਵ ਪਿਆ ਹੈ।
ਪਿਛਲੇ 1 ਲੱਖ ਸਾਲ ‘ਚ ਐਨਾ ਤਾਪਮਾਨ ਨਹੀਂ ਸੀ ਵਧਿਆ, ਜਿੰਨਾ ਪਿਛਲੇ 10 ਸਾਲਾਂ ਦੌਰਾਨ ਵਧਿਆ ਹੈ। ਲਾਂਸ-ਐਂਜਲਸ (ਅਮਰੀਕਾ) ਦੀ ਭਿਆਨਕ ਅਗਜ਼ਨੀ ਵੀ ਇਹਨਾਂ ਕਾਰਨਾਂ ਕਰਕੇ ਹੋਈ ਹੈ। ਉਹਨਾਂ ਕਿਹਾ ਕਿ ਗਰਮੀਆਂ ‘ਚ ਹੁਣ ਦਿੱਲੀ ਦਾ ਤਾਪਮਾਨ 52 ਡਿਗਰੀ ਤੱਕ ਪਹੁੰਚ ਜਾਂਦਾ ਹੈ, ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਵਾਤਾਵਰਨ ਵਿੱਚ ਇਹ ਬਦਲਾਅ ਕੇਵਲ ਦਿੱਲੀ ਜਾਂ ਭਾਰਤ ਵਿੱਚ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਵੇਖਣ ਨੂੰ ਮਿਲ ਰਿਹਾ ਹੈ, ਗਰਮੀ ਦਾ ਪ੍ਰਕੋਪ ਹਰ ਸਾਲ ਵੱਧਦਾ ਜਾ ਰਿਹਾ ਹੈ, ਇਸਦਾ ਇੱਕ ਮੁੱਖ ਕਾਰਨ ਲਗਾਤਾਰ ਸ਼ਹਿਰਾਂ ਵਿੱਚ ਨਵੀਆਂ ਇਮਾਰਤਾਂ ਦਾ ਬਣਨਾ ਅਤੇ ਰੁੱਖਾਂ ਦੀ ਕਟਾਈ ਹੋਣਾ ਹੈ, ਤਰੱਕੀ ਕਰਨ ਲਈ ਨਵੀਆਂ ਇਮਾਰਤਾਂ ਅਤੇ ਢਾਂਚੇ ਬਣਨੇ ਜਰੂਰੀ ਹਨ, ਪਰ ਨਾਲ ਦੀ ਨਾਲ ਰੁੱਖਾਂ ਦੀ ਬਹੁਤਾਤ ਬਣਾਈ ਰੱਖਣੀ ਵੀ ਬਹੁਤ ਜਰੂਰੀ ਹੈ, ਕਿਉਂਕ ਤਰੱਕੀ ਕਰਨ ਦਾ ਫਾਇਦਾ ਤਾਂ ਹੈ ਜੇ ਜੀਵਨ ਹੈ, ਜਦੋ ਜੀਵਨ ਹੀ ਨਾ ਰਿਹਾ ਤਾਂ ਫਿਰ ਇਹ ਸਭ ਵਿਅਰਥ ਹੈ।
ਉਹਨਾਂ ਕਿਹਾ ਕਿ ਮਨੁੱਖ ਦੇ ਸਾਹ ਲੈਣ ਲਈ ਹਵਾ ਵਿਚ ਪ੍ਰਦੂਸ਼ਕਾਂ ਦੀ ਮਾਤਰਾ 0 ਤੋਂ ਲੈ ਕੇ 50 ਤੱਕ ਹੋਣੀ ਚਾਹੀਦੀ ਹੈ ਪਰ ਇਸ ਵੇਲੇ ਪੰਜਾਬ ਦੀ ਹਵਾ ਵਿਚ ਇਹ ਮਾਤਰਾ 350 ਤੋਂ ਵੱਧ ਹੋ ਚੁੱਕੀ ਹੈ। ਪਾਣੀ ਦੇ ਪਲੀਤ ਹੋਣ ਤੋਂ ਬਾਅਦ ਹੁਣ ਸਾਹ ਦੇਣ ਵਾਲੀ ਹਵਾ ਵੀ ਬੇਹੱਦ ਦੂਸ਼ਿਤ ਹੋ ਚੁੱਕੀ ਹੈ।
ਉਹਨਾਂ ਕਿਹਾ ਕਿ ਵਾਤਾਵਰਨ ਅਤੇ ਖੇਤੀ ਦੇ ਆਪਸੀ ਸਬੰਧ ਦੀ ਮਿਸਾਲ ਇਸ ਪੱਖੋਂ ਸਮਝੀ ਜਾ ਸਕਦੀ ਹੈ ਕਿ ਗਰਮੀਆਂ ‘ਚ ਪੰਜਾਬ ‘ਚ ਸਬਜੀਆਂ ਬਾਹਰੋਂ ਮੰਗਵਾਉਣੀਆਂ ਪੈਂਦੀਆਂ ਹਨ।
ਅੰਕੜੇ ਸਾਂਝੇ ਕਰਦਿਆਂ ਉਹਨਾਂ ਦੱਸਿਆ ਕਿ ਹਰ ਸਾਲ 350 ਮਿਲੀਅਨ ਪਾਣੀ ਦੀਆਂ ਬੋਤਲਾਂ ਦਾ ਵੇਸਟ ਧਰਤੀ ‘ਤੇ ਜਮ੍ਹਾਂ ਹੁੰਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਟਿਕਾਊ ਵਿਕਾਸ ਲਈ ਯਤਨ ਜਟਾਉਣ ਦਾ ਸੱਦਾ ਦਿੱਤਾ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ‘ਚ ਪਹਿਲਾਂ ਅਸੀਂ ਨਲਕਿਆਂ ਦਾ ਪਾਣੀ ਵੀ ਲੈਂਦੇ ਸੀ, ਪ੍ਰੰਤੂ ਹੁਣ ਸਾਡੇ ਪੰਜਾਬ ਦੇ ਦਰਿਆਵਾਂ ਸਮੇਤ ਸਾਰੇ ਸਰੋਤਾਂ ਦਾ ਪਾਣੀ ਐਨਾ ਗੰਦਲਾ ਹੋ ਚੁੱਕਾ ਹੈ ਕਿ ਨਾਮੁਰਾਦ ਬਿਮਾਰੀਆਂ ਫੈਲ ਰਹੀਆਂ ਹਨ। ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਪੰਜਾਬ ਦੇ ਮਹਿੰਦਰ ਸਿੰਘ ਨੇ ਵਾਤਾਵਰਨ ਸੰਕਟ ਲਈ ਪੂੰਜੀਵਾਦੀ ਪ੍ਰਬੰਧ ਨੂੰ ਦੋਸ਼ੀ ਠਹਿਰਾਇਆ। ਲੋਕ ਚੇਤਨਾ ਮੰਚ ਦੇ ਡਾ. ਜਗਦੀਸ਼ ਪਾਪੜਾ ਨੇ ਵਾਤਾਵਰਨ ਦੇ ਸੰਕਟ ਨੂੰ ਹੱਲ ਕਰਨ ਲਈ ਸਮੂਹਿਕ ਉਪਰਾਲਿਆਂ ਦੀ ਲੋੜ ‘ਤੇ ਜ਼ੋਰ ਦਿੱਤਾ।
ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਰਾਜੇਸ਼ ਕਠਪਾਲੀਆ ਅਤੇ ਬਲਰਾਮ ਭਾਅ ਜੀ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮੈਡਮ ਅਮਨ ਢੀਂਡਸਾ, ਰਾਜੀਵ ਸ਼ਰਮਾ, ਚਰਨਜੀਤ ਧਾਲੀਵਾਲ, ਡਾ. ਬਿਹਾਰੀ ਮੰਡੇਰ, ਬੇਅੰਤ ਸਿੰਘ, ਜਸਵੀਰ ਕੌਸ਼ਿਕ, ਲਖਵਿੰਦਰ ਸੋਨੀ ਅਤੇ ਮੋਹਨ ਲਾਲ ਹਾਜ਼ਰ ਸਨ। ਮੰਚ ਸੰਚਾਲਨ ਰਣਦੀਪ ਸੰਗਤਪੁਰਾ ਨੇ ਕੀਤਾ।