Latest News: ਨੌਜਵਾਨਾਂ ਵੱਲੋਂ ਮੈਰਿਟ ਦੇ ਅਧਾਰ ’ਤੇ ਸਰਕਾਰੀ ਨੌਕਰੀ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ
ਚੰਡੀਗੜ੍ਹ, 5 ਮਾਰਚ (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਿਰੋਲ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਮਿਲਣ ਤੋਂ ਉਤਸ਼ਾਹਿਤ ਨਵ-ਨਿਯੁਕਤ ਉਮੀਦਵਾਰਾਂ ਨੇ ਇਸ ਨੇਕ ਪਹਿਲਕਦਮੀ ਲਈ ਮੁੱਖ ਮੰਤਰੀ ਦੀ ਭਰਵੀਂ ਸ਼ਲਾਘਾ ਕੀਤੀ।
ਅੱਜ ਇੱਥੇ ਟੈਗੋਰ ਥੀਏਟਰ ਵਿਖੇ ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਕੁਝ ਨੌਜਵਾਨਾਂ ਨੇ ਮੁੱਖ ਮੰਤਰੀ ਅੱਗੇ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ।
ਇਸ ਮੌਕੇ ਬਰਨਾਲਾ ਤੋਂ ਸਿਹਤ ਵਿਭਾਗ ਵਿੱਚ ਚੁਣੇ ਗਏ ਉਮੀਦਵਾਰ ਜਸਮੀਤ ਕੌਰ ਨੇ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਸ ਦਾ ਸੁਪਨਾ ਸਾਕਾਰ ਹੋਇਆ ਹੈ ਕਿਉਂਕਿ ਉਨ੍ਹਾਂ ਨੂੰ ਸਿਰਫ਼ ਯੋਗਤਾ ਦੇ ਆਧਾਰ ‘ਤੇ ਰੈਗਲੂਰ ਨੌਕਰੀ ਮਿਲੀ ਹੈ। ਉਨ੍ਹਾਂ ਨੇ ਸੂਬੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ।
ਆਪਣੇ ਵਿਚਾਰ ਸਾਂਝੇ ਕਰਦਿਆਂ ਸਿਹਤ ਵਿਭਾਗ ਵਿੱਚ ਚੁਣੇ ਗਏ ਮੈਡੀਕਲ ਅਫਸਰ ਡਾ. ਹਰਮੀਤ ਸਿੰਘ ਨੇ ਕਿਹਾ ਕਿ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਦੇਣਾ ਸਾਡੇ ਸਾਰਿਆਂ ਲਈ ਵੱਡੀ ਪ੍ਰਾਪਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਹ ਆਪਣੀ ਡਿਊਟੀ ਪੂਰੀ ਵਚਨਬੱਧਤਾ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
ਸਹਿਕਾਰੀ ਬੈਂਕ ਵਿੱਚ ਚੁਣੀ ਗਈ ਸਮਾਣਾ ਤੋਂ ਸ਼ੈਲੀ ਰਾਣੀ ਨੇ ਕਿਹਾ ਕਿ ਉਹ ਇਹ ਨੌਕਰੀ ਦੇਣ ਲਈ ਮੁੱਖ ਮੰਤਰੀ ਦੀ ਰਿਣੀ ਹੈ। ਉਸ ਨੇ ਕਿਹਾ ਕਿ ਇਹ ਬਹੁਤ ਹੀ ਅਸਾਧਾਰਨ ਗੱਲ ਹੈ ਕਿ ਨੌਜਵਾਨਾਂ ਨੂੰ ਏਨੀ ਵੱਡੀ ਗਿਣਤੀ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।
ਐਸ.ਏ.ਐਸ. ਨਗਰ ਮੋਹਾਲੀ ਤੋਂ ਇੰਦਰਪ੍ਰੀਤ ਸਿੰਘ ਜਿਸ ਦੀ ਚੋਣ ਸਹਿਕਾਰੀ ਬੈਂਕ ਵਿੱਚ ਹੋਈ ਹੈ, ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦੀ ਹੈ। ਉਸ ਨੇ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਪੰਜਾਬ ਮਾਡਲ ਦੇਸ਼ ਭਰ ਵਿੱਚ ਦੁਹਰਾਇਆ ਜਾਵੇਗਾ ਕਿਉਂਕਿ ਇਹ ਸਭ ਤੋਂ ਬਿਹਤਰ ਮਿਸਾਲ ਹੈ। ਉਸ ਨੇ ਕਿਹਾ ਕਿ ਉਹ ਵਿਦੇਸ਼ ਵਿੱਚ ਵਸਣਾ ਚਾਹੁੰਦਾ ਸੀ ਪਰ ਸੂਬਾ ਸਰਕਾਰ ਦੁਆਰਾ ਦਿੱਤੀਆਂ ਗਈਆਂ ਨੌਕਰੀਆਂ ਨੇ ਉਸ ਨੂੰ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ।
ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਤੋਂ ਸੰਦੀਪ ਕੌਰ ਨੇ ਕਿਹਾ ਕਿ ਸਰਕਾਰੀ ਨੌਕਰੀ ਮਿਲਣਾ ਉਸ ਲਈ ਸੁਪਨਾ ਸਾਕਾਰ ਹੋਣ ਵਾਂਗ ਹੈ ਕਿਉਂਕਿ ਇਹ ਨੌਕਰੀ ਉਸ ਨੂੰ ਪੂਰੀ ਯੋਗਤਾ ਦੇ ਅਧਾਰ ‘ਤੇ ਦਿੱਤੀ ਗਈ ਹੈ। ਉਸ ਨੇ ਕਿਹਾ ਕਿ ਉਸ ਨੇ ਨੌਕਰੀ ਮਿਲਣ ਦੀ ਉਮੀਦ ਗੁਆ ਦਿੱਤੀ ਸੀ ਪਰ ਕਿਉਂਕਿ ਯੋਗਤਾ ਦੇ ਅਧਾਰ ‘ਤੇ ਨੌਕਰੀਆਂ ਦੇਣ ਕਰਕੇ ਉਸ ਨੂੰ ਇਹ ਮੌਕਾ ਮਿਲਿਆ ਹੈ।
ਸੰਗਰੂਰ ਤੋਂ ਗੁਰਪ੍ਰੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਕਿਸੇ ਵੀ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਬਾਰੇ ਕਦੇ ਚਿੰਤਾ ਵੀ ਨਹੀਂ ਕੀਤੀ।
—–