Latest News : ਭਲਕੇ ਸ਼ੁਰੂ ਹੋਵੇਗਾ ਪੰਜਾਬ ਕਲਾ ਪਰਿਸ਼ਦ ਦਾ ‘ਪੰਜਾਬ ਨਵ ਸਿਰਜਣਾ ਮਹਾਂ ਉਤਸਵ‘
‘ਮਹਾਂ ਉਤਸਵ‘ ਐਮ. ਐੱਸ ਰੰਧਾਵਾ, ਸੁਰਜੀਤ ਪਾਤਰ ਅਤੇ ਪੰਜਾਬੀ ਮਾਂ ਬੋਲੀ ਨੂੰ ਹੋਵੇਗਾ ਸਮਰਪਿਤ
ਚੰਡੀਗੜ੍ਹ, 1ਫਰਵਰੀ(ਵਿਸ਼ਵ ਵਾਰਤਾ) ਪੰਜਾਬ ਕਲਾ ਪਰਿਸ਼ਦ ਵੱਲੋਂ 2 ਫਰਵਰੀ ਤੋਂ 29 ਮਾਰਚ 2025 ਤੱਕ ਸੂਬੇ ਭਰ ਵਿੱਚ ਪੰਜਾਬ ਨਵ ਸਿਰਜਣਾ ਮਹਾਂ ਉਤਸਵ ਮਨਾਇਆ ਜਾ ਰਿਹਾ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਅੱਜ ਇੱਥੇ ਇੱਕ ਪੱਤਰਕਾਰ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਹਾਂ ਉਤਸਵ, ਐਮ. ਐੱਸ ਰੰਧਾਵਾ, ਸੁਰਜੀਤ ਪਾਤਰ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਏਗਾ।
ਇਸ ਮਹਾਂ ਉਤਸਵ ਦੌਰਾਨ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ, ਪਟਿਆਲਾ,ਜਲੰਧਰ, ਬਠਿੰਡਾ, ਬਰਨਾਲਾ, ਮਾਨਸਾ ਅਤੇ ਫਰੀਦਕੋਟ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਵੀ ਸਮਾਗਮ ਕਰਵਾਏ ਜਾਣਗੇ।
ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ 18 ਫਰਵਰੀ ਨੂੰ ਜਲੰਧਰ ਵਿਖੇ ਹੋਣ ਵਾਲ਼ੇ ਸਨਮਾਨ ਸਮਾਰੋਹ ਵਿੱਚ ਪੰਜ ਉੱਘੀਆਂ ਹਸਤੀਆਂ ਨੂੰ ਪੰਜਾਬ ਗੌਰਵ ਅਤੇ ਦੋ ਹੋਰ ਭਾਸ਼ਾ ਨੂੰ ਸਮਰਪਿਤ ਹਸਤੀਆਂ ਨੂੰ ਮਾਤ ਭਾਸ਼ਾ ਪੁਰਸਕਾਰਾਂ ਨਾਲ ਸਨਮਾਨਿਤ ਕਰਨਗੇ।
ਪੰਜਾਬ ਕਲਾ ਪਰਿਸ਼ਦ ਅਤੇ ਇਸ ਨਾਲ ਸੰਬੰਧਿਤ ਚਾਰ ਅਕਾਦਮੀਆਂ ਵੱਲੋਂ ਬਣਾਈ ਜਿਊਰੀ ਅਤੇ ਚੋਣ ਮੰਡਲ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਜਿਨ੍ਹਾਂ ਉੱਘੀਆਂ ਹਸਤੀਆਂ ਦੇ ਨਾਂ ਪੁਰਸਕਾਰਾਂ ਲਈ ਚੁਣੇ ਗਏ ਹਨ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ,
ਪੰਜਾਬ ਗੌਰਵ ਪੁਰਸਕਾਰ : ਸਾਹਿਤ ਦੇ ਖੇਤਰ ਵਿੱਚ ਪੰਜਾਬ ਗੌਰਵ ਪੁਰਸਕਾਰ ਜਸਵੰਤ ਜਫਰ ਨੂੰ ਦਿੱਤਾ ਜਾਏਗਾ, ਸਿਨੇਮਾ ਦੇ ਖੇਤਰ ਵਿੱਚ ਇਹ ਪੁਰਸਕਾਰ ਉੱਘੇ ਸਿਨਮੈਟੋਗਰਾਫਰ ਮਨਮੋਹਨ (ਮਨ ਜੀ) ਨੂੰ ਪ੍ਰਦਾਨ ਕੀਤਾ ਜਾਏਗਾ। ਇਸੇ ਤਰ੍ਹਾਂ ਰੰਗਮੰਚ ਦੇ ਖੇਤਰ ਵਿੱਚ ਡਾ. ਮਹਿੰਦਰ ਕੁਮਾਰ ਚੰਡੀਗੜ੍ਹ, ਸੰਗੀਤ ਦੇ ਖੇਤਰ ਵਿੱਚ ਭਾਈ ਬਲਦੀਪ ਸਿੰਘ ਦਿੱਲੀ ਅਤੇ ਲਲਿਤ ਕਲਾ ਦੇ ਖੇਤਰ ਵਿੱਚ ਡਾ. ਸੁਭਾਸ਼ ਪਰਿਹਾਰ ਫਰੀਦਕੋਟ ਨੂੰ ਪੁਰਸਕਾਰ ਦਿੱਤੇ ਜਾਣਗੇ। ਇਸੇ ਤਰ੍ਹਾਂ ਮਾਤ ਭਾਸ਼ਾ ਦੇ ਖੇਤਰ ਵਿੱਚ ਦੋ ਪੁਰਸਕਾਰ ਉੱਘੇ ਨਾਵਲਕਾਰ ਜਸਬੀਰ ਮੰਡ ਅਤੇ ਉੱਘੇ ਗੱਲਪਕਾਰ ਅਤੇ ਸੀਨੀਅਰ ਪੱਤਰਕਾਰ ਵਰਿੰਦਰ ਸਿੰਘ ਵਾਲੀਆ ਨੂੰ ਦਿੱਤੇ ਜਾ ਰਹੇ ਹਨ।
ਸ੍ਰੀ ਸਵੀ ਨੇ ਦੱਸਿਆ ਕਿ ਇਸ ਮਹਾਂ ਉਤਸਵ ਦਾ ਉਦਘਾਟਨੀ ਸਮਾਰੋਹ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ 2 ਫਰਵਰੀ ਨੂੰ ਹੋਏਗਾ ਜਿੱਥੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਐਸ. ਐਸ ਗੋਸਲ ਵੱਲੋਂ ਡਾ. ਮਹਿੰਦਰ ਸਿੰਘ ਰੰਧਾਵਾ ਮੈਮੋਰੀਅਲ ਲੈਕਚਰ ਦਿੱਤਾ ਜਾਏਗਾ ਜਿਸ ਦਾ ਵਿਸ਼ਾ ‘ਪੰਜਾਬ ਵਿੱਚ ਖੇਤੀ ਅਤੇ ਪੇਂਡੂ ਵਿਕਾਸ ਦਾ ਭਵਿੱਖ ਰੱਖਿਆ ਗਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਵੱਲੋਂ ਉਦਘਾਟਨੀ ਭਾਸ਼ਣ ਦਿੱਤਾ ਜਾਏਗਾ ਅਤੇ ਇਸ ਦੀ ਪ੍ਰਧਾਨਗੀ ਐਨਐਫਐਲ ਦੇ ਸਾਬਕਾ ਸੀਐਮਡੀ ਨਿਰਲੇਪ ਸਿੰਘ ਕਰਨਗੇ। ਇਸ ਤੋਂ ਇਲਾਵਾ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਾਜਿੰਦਰ ਸਿੰਘ ਵੱਲੋਂ ਗਾਇਕੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਤੇ ਇਸ ਮੌਕੇ ਹੀ ਸ਼ਾਮ ਨੂੰ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਹੋਣਗੀਆਂ। ਸ਼ਾਮ ਨੂੰ ਰੰਧਾਵਾ ਆਡੀਟਰੀਅਮ ਵਿੱਚ ਅਮਰਜੀਤ ਸਿੰਘ ਗਰੇਵਾਲ ਵੱਲੋਂ ਰਚਿਤ ਅਤੇ ਰਾਜਵਿੰਦਰ ਸਮਰਾਲਾ ਵੱਲੋਂ ਨਿਰਦੇਸ਼ਤ ਨਾਟਕ ਦੇਹੀ ਦਾ ਮੰਚਨ ਹੋਵੇਗਾ। ਇਸ ਮੌਕੇ ਹਰਜੀਤ ਸਿੰਘ ਵੱਲੋਂ ਬਣਾਈ ਗਈ ਦਸਤਾਵੇਜ਼ੀ ਦੀ ਫਿਲਮ ਮੇਂ ਇੱਕ ਦਿਨ ਫੇਰ ਆਉਣਾ ਹੈ ਜੋ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਤੇ ਅਧਾਰਿਤ ਹੈ, ਦੀ ਸਕਰੀਨਿੰਗ ਕੀਤੀ ਜਾਏਗੀ।
ਪੰਜਾਬ ਭਰ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਪਹਿਲਾ ਪ੍ਰੋਗਰਾਮ ਤਿੰਨ ਚਾਰ ਅਤੇ ਪੰਜ ਫਰਵਰੀ ਨੂੰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ ਹੋਏਗਾ। ਇਸ ਤਿੰਨ ਦਿਨਾਂ ਸੈਮੀਨਾਰ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਦਲਿਤ ਚੇਤਨਾ ਨੌਜਵਾਨੀ ਦਾ ਆਤਮ ਪ੍ਰਗਾਸ ਉੱਤੇ ਭਾਸ਼ਣ ਹੋਵੇਗਾ।ਇਸ ਤੋਂ ਇਲਾਵਾ ਯੁਵਾ ਕਵੀਆਂ ਦਾ ਕਵੀ ਦਰਬਾਰ ਵੀ ਹੋਵੇਗਾ,ਇਸ ਮੌਕੇ ਸੋਮਪਾਲ ਹੀਰਾ ਵੱਲੋਂ ਸੁਰਜੀਤ ਪਾਤਰ ਦੀਆਂ ਕਵਿਤਾਵਾਂ ‘ਤੇ ਆਧਾਰਤ ਨਾਟਕ ਵੀ ਖੇਡਿਆ ਜਾਵੇਗਾ।
6 ਫਰਵਰੀ ਨੂੰ ਸਰਕਾਰੀ ਮਹਿਲਾ ਕਾਲਜ ਲੁਧਿਆਣਾ ਵਿਖੇ ‘ਤੂੰ ਤੇ ਮੈਂ ਵਿਸ਼ੇ ਉੱਪਰ ਸੈਮੀਨਾਰ ਹੋਏਗਾ। ਦਸ ਅਤੇ 11 ਫਰਵਰੀ ਨੂੰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਵਿਖੇ ‘ਕਰਕ ਕਲੇਜੇ ਮਾਹਿ’ ਵਿਸ਼ੇ ਤੇ ਸੈਮੀਨਾਰ ਹੋਏਗਾ ਜਿਸ ਵਿੱਚ ਪੰਜਾਬ ਦੇ ਭਵਿੱਖ ਬਾਰੇ ਚਰਚਾ ਕੀਤੀ ਜਾਵੇਗੀ। 14 ਫਰਵਰੀ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੀਰ ਵਾਰਸ ਦਾ ਗਾਇਨ ਹੋਏਗਾ। 15 ਫਰਵਰੀ ਨੂੰ ਨਵੀਂ ਕਵਿਤਾ ਦਾ ਪੋਹ ਫੁਟਾਲਾ ਵਿਸ਼ੇ ਤਹਿਤ ਯੁਵਾ ਕਵੀਆਂ ਦਾ ਕਵੀ ਦਰਬਾਰ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਏਗਾ।
ਇਸ ਮਹਾਂ ਉਤਸਵ ਦਾ ਮੁੱਖ ਸਮਾਗਮ ਜਲੰਧਰ ਦੇ ਹੰਸਰਾਜ ਮਹਿਲਾ ਮਹਾ ਵਿਦਿਆਲਿਆ ਵਿਖੇ 18 ਤੇ 19 ਫਰਵਰੀ ਨੂੰ ਹੋਏਗਾ 18 ਫਰਵਰੀ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਗੌਰਵ ਅਤੇ ਪੰਜਾਬੀ ਮਾਤ ਭਾਸ਼ਾ ਪੁਰਸਕਾਰ ਜੇਤੂਆਂ ਨੂੰ ਅਵਾਰਡ ਦੇਣਗੇ। ਇਸ ਤੋਂ ਇਲਾਵਾ ਸੁਰਜੀਤ ਪਾਤਰ ਦੀ ਸ਼ਾਇਰੀ ਦਾ ਗਾਇਨ ਹੋਏਗਾ ਅਤੇ ਨਾਰੀ ਸ਼ਕਤੀਕਰਨ ਵਿਸ਼ੇ ਉੱਪਰ ਸੈਮੀਨਾਰ ਵੀ ਕਰਵਾਇਆ ਜਾਏਗਾ।
21 ਅਤੇ 22 ਫਰਵਰੀ ਨੂੰ ਮਾਤ ਭਾਸ਼ਾ ਦਿਵਸ ਮਨਾਇਆ ਜਾਏਗਾ ਜਿਸ ਵਿੱਚ ਗੁਰੂ ਨਾਨਕ ਖਾਲਸਾ ਕਾਲਜ ਦਾ ਵਿਮਨ ਗੁਜਰ ਖਾਨ ਕੈਂਪਸ ਲੁਧਿਆਣਾ ਵਿਖੇ ਸੱਤ ਪੁਰਸਕਾਰ ਵਿਜੇਤਾਵਾਂ ਦਾ ਰੂਬਰੂ ਕਰਵਾਇਆ ਜਾਏਗਾ ਇਸ ਤੋਂ ਇਲਾਵਾ ‘ਅਸੀਂ ਹਾਂ ਵਿੱਦਿਆ ਮੰਦਰਾਂ ਦੇ ਪੁਜਾਰੀ ਵਿਸ਼ੇ ਉੱਪਰ ਸੈਮੀਨਾਰ ਹੋਏਗਾ ਤੇ ਅਨੀਤਾ ਦੇਵਗਣ ਵੱਲੋਂ ਨਿਰਦੇਸ਼ ਨਾਟਕ ‘ਸਾਰੰਗੀਆਂ’ ਦੀ ਪੇਸ਼ਕਾਰੀ ਦਿੱਤੀ ਜਾਏਗੀ।
25 ਫਰਵਰੀ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ‘ਸੁਰਜੀਤ ਪਾਤਰ ਕਲਾ ਉਤਸਵ’ ਮਨਾਇਆ ਜਾਏਗਾ ਜਿਸ ਵਿੱਚ ‘ਜੀਵੇ ਜਵਾਨੀ’ ਵਿਸ਼ੇ ਉੱਪਰ ਸੈਮੀਨਾਰ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਨਾਟਕ ਲੋਕ ਪੇਸ਼ਕਾਰੀਆਂ, ਲੋਕ ਨਾਚ ਅਤੇ ਕਲਾ ਨੁਮਾਇਸ਼ਾਂ ਕੀਤੀਆਂ ਜਾਣਗੀਆਂ।
ਚਾਰ ਮਾਰਚ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਚੰਡੀਗੜ੍ਹ ਵਿਖੇ ਪੰਜਾਬ ਦੀਆਂ ਪ੍ਰੇਮ ਗਾਥਾਵਾਂ ਵਿਸ਼ੇ ਉੱਪਰ ਸੈਮੀਨਾਰ ਅਤੇ ਹੀਰ ਵਾਰਿਸ ਦਾ ਗਾਇਨ ਹੋਵੇਗਾ। 10 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਵਿਖੇ ਦਲਿਤ ਚੇਤਨਾ ਵਿਸ਼ੇ ਉੱਪਰ ਸੈਮੀਨਾਰ ਕੀਤਾ ਜਾਵੇਗਾ। 11,12,13,ਮਾਰਚ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਸੰਗੀਤ ਸਮਾਰੋਹ ਹੋਵੇਗਾ। 18,19 ਮਾਰਚ ਨੂੰ ਗੁਰੂ ਤਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਏ. ਆਈ ਨੈਤਿਕਤਾ ਕਾਨਫਰੰਸ ਹੋਵੇਗੀ.
ਮਹਾਂ ਉਤਸਵ ਦੀ ਵਿਦਾਇਗੀ ਸਮਾਰੋਹ 26,27,28,29 ਮਾਰਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹੋਵੇਗਾ, ਜਿਸ ਵਿਚ ਮੁੱਖ ਮੰਤਰੀ ਸ. ਭਗਵੰਤ ਮਾਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/